ਦੁਨੀਆਂ ਖਾਤਰ ਆਪਣਾ ਮੈਂ ਲਹੂ ਵਹਾਊਂ।
ਹਿੰਦੁ ਧਰਮ ਦੇ ਵਾਸਤੇ ਸਿਰ ਬਲੀ ਚੜ੍ਹਾਊਂ।
ਜਾਣ ਰਪੋਟਾਂ ਸ਼ਾਹ ਪਾਸ ਇਕ ਸਿੱਖ ਫਕੀਰ।
ਸਾਰੇ ਦੇਸੀਂ ਮੰਨਿਆ ਪੀਰਾਂ ਦਾ ਪੀਰ।
ਜਿੱਥੇ ਜਾ ਉਪਦੇਸ਼ਦਾ ਛੱਡ ਦੇਵੇ ਤੀਰ।
ਓਥੇ ਸਾਡੇ ਵਾਅਜ਼ ਦੀ ਛੁਟੇ ਤਦਬੀਰ।
ਵਾਹ ਬਥੇਰੀ ਲਾਵੀਏ ਪਰ ਕੋਈ ਨ ਮਾਨੇ।
ਲੱਖਾਂ ਉਸ ਦੇ ਧਰਮ 'ਤੇ ਹੋ ਰਹੇ ਦਿਵਾਨੇ।
ਚੜ੍ਹ ਚੜ੍ਹ ਚਰਖੀ ਮਰ ਗਏ ਸੜ ਸੜ ਪਰਵਾਨੇ।
ਪਰ ਨਾਂਹ ਦੀਨ ਕਬੂਲਿਆ ਦੇ ਜਿੰਦ ਸਿੱਖਾਂ ਨੇ।
ਇਸ ਦੀ ਅਲਖ ਮੁਕਾ ਦਿਓ ਤਦ ਚੱਲੂ ਚਾਰਾ।
ਦੇਸ਼ ਨਹੀਂ ਤਾਂ ਮੌਤ ਦੇ ਮੂੰਹ ਜਾਸੀ ਸਾਰਾ।
ਜਾਂ ਏਹ ਮੁਸਲਮ ਹੋਇ ਜਾਇ ਤਦ ਹੋਗੁ ਗੁਜ਼ਾਰਾ।
ਸਾਰੀ ਖਲਕਤ ਇਸਲਾਮ ਦਾ ਆ ਫੜੂ ਸਹਾਰਾ।
ਚੜ੍ਹਿਆ ਰੋਹ ਉਰੰਗਜ਼ੇਬ ਨੂੰ ਕੱਢੇ ਡੇਲੇ।
ਕੇਹੜਾ ਮੇਰੇ ਰਾਜ ਵਿਚ ਨਿਰਭਉ ਹੋ ਖੇਲੇ?
ਦਿਨ ਦਿਨ ਜਾਇ ਵਧਾਉਂਦਾ ਜੋ ਅਪਣੇ ਚੇਲੇ।
ਲਹੂ ਪੀਆਂਗਾ ਓਸ ਦਾ ਮੈਂ ਐਸੇ ਵੇਲੇ।
ਰਹੀ ਹਯਾਤੀ ਜੇ ਮੇਰੀ ਇਸ ਦੇਸ ਦੇ ਅੰਦਰ।
ਖੁਰਾ ਨ ਛਡੂੰ ਹਿੰਦ ਦਾ ਚਾਹ ਦੇਸਾਂ ਮੰਦਰ।
ਕਿੰਗਰੇ ਕਿੰਗਰੇ ਨੱਚਦਾ ਦਿੱਸੇਗਾ ਬੰਦਰ।
ਖਲ ਉਖੇੜੂੰ ਦੇਸ਼ ਦੀ ਜਿਉਂ ਝੋਨਾ ਜੰਦਰ।
ਲਿਖ ਪਰਵਾਨਾ ਘੱਲਿਆ ਢਿੱਲ ਜ਼ਰਾ ਨਾ ਲਾਓ।
ਤੇਗ਼ ਬਹਾਦਰ ਗੁਰੂ ਨੂੰ ਦਰਬਾਰ ਪੁਚਾਓ।
ਐਸਾ ਮੁੱਫਸਿਦ ਆਦਮੀ ਫੜ ਤੁਰਤ ਲਿਆਓ।
ਯਾਂ ਵਿਚ ਦੀਨ ਰਲਾ ਲਓ ਯਾ ਅਲਖ ਮੁਕਾਓ।
ਸਤਿਗੁਰ ਬੂਟੇ ਧਰਮ ਦੇ ਸਨ ਲਾਂਦੇ ਫਿਰਦੇ।
ਕਰ ਦਿਤੇ ਹਰਿਆਉਲੇ ਸਭ ਬੰਜਰ ਹਿਰਦੇ।
ਵਾਹਰ ਫਿਰੇ ਉਰੰਗ ਦੀ ਹੁਣ ਇਰਦੇ ਗਿਰਦੇ।
ਜਾਇ ਮਿਲੇ ਵਿਚ ਆਗਰੇ ਓਹ ਵੈਰੀ ਸਿਰ ਦੇ।