Back ArrowLogo
Info
Profile

ਪਹਿਲੇ ਦੇ ਵਿਚ ਸਤਿਗੁਰੂ ਦਿੱਲੀ ਪਹੁੰਚਾਏ।

ਜਗ ਦੇ ਬੰਧਨ ਤੋੜ ਜੀ, ਬੰਧਨ ਵਿਚ ਆਏ।

ਧਰਮੋਂ ਸਦਕੇ ਹੋਣ ਨੂੰ ਹੱਥ ਪੈਰ ਬਨ੍ਹਾਏ।

ਦੁਨੀਆਂ ਦੇ ਸੁਖ ਵਾਸਤੇ ਦੁੱਖ ਆਪ ਉਠਾਏ।

ਗੁਰੂ ਜੀ ਦੀ ਔਰੰਗਜ਼ੇਬ ਨਾਲ ਮੁਲਾਕਾਤ

ਬੈਠ ਇਕੱਲੇ ਸ਼ਾਹ ਨੇ ਗੁਰ ਦਰਸ਼ਨ ਪਾਏ।

ਅਦਬ ਅਦਾਬਾਂ ਨਾਲ ਸੱਦ ਕੇ ਪਾਸ ਬਿਠਾਏ।

ਤਿੱਖੀ ਛੁਰੀ ਵਿਰੋਧ ਦੀ ਵਿਚ ਬਗਲ ਛਪਾਏ।

ਦਿਲ ਕੌੜੋਂ ਮੂੰਹ ਮਿੱਠਿਓਂ ਏਹ ਵਾਕ ਅਲਾਏ।

ਸਾਡਾ ਦੀਨ ਮੁਹੰਮਦੀ ਹੈ ਮਜ੍ਹਬ ਖੁਦਾਈ।

ਜਿਨ ਕਰ ਸਿਦਕ ਕਬੂਲਿਆ ਤਿਨ ਮੁਕਤੀ ਪਾਈ।

ਨਹੀਂ ਬਰਾਬਰ ਏਸ ਦੇ ਹੋਰ ਮਜ਼ਹਬ ਕਾਈ।

ਤੁਸੀਂ ਕੁਰਾਹੀਂ ਭੁੱਲ ਕੇ ਕਿਉਂ ਉਮਰ ਗਵਾਈ।

ਲੜ ਹਜ਼ਰਤ ਦਾ ਫੜ ਲਓ ਹੋਊ ਨਿਸਤਾਰਾ।

ਰਾਜ ਸਭਾ ਵਿਚ ਆਪ ਦਾ ਹੋਊ ਆਦਰ ਭਾਰਾ।

ਵਿਚ ਬਹਿਸ਼ਤਾਂ ਮਿਲੇਗਾ ਆਰਾਮ ਅਪਾਰਾ।

ਹੂਰਾਂ ਤੇ ਗਿਲਮਾਨ ਦਾ ਅਸਚਰਜ ਨਜ਼ਾਰਾ।.

ਮੁੱਲਾਂ ਕਾਜ਼ੀ ਮੁਫਤੀਆਂ ਸਭ ਦੀ ਸਰਦਾਰੀ।

ਮਿਲ ਜਾਏਗੀ ਆਪ ਨੂੰ ਇੱਜ਼ਤ ਦਰਬਾਰੀ।

ਪੀਰ ਮੁਰੀਦੀ ਵਧੇਗੀ ਇਸ ਤੋਂ ਭੀ ਭਾਰੀ।

ਦੌਲਤ ਹੁਕਮ ਅਰਾਮ ਭੀ ਮਿਲ ਜਾਸੀ ਸਾਰੀ।

ਸਤਿਗੁਰ ਨੇ ਫੁਰਮਾਇਆ, ਸੁਣ ਭੋਲੇ ਸ਼ਾਹ।

ਅਸਾਂ ਪਕੜਿਆ ਸੱਚ ਦਾ ਸੁਲਤਾਨੀ ਰਾਹ।

ਸਾਨੂੰ ਤੇਰੇ ਸੁਰਗ ਦੀ ਨਹੀਂ ਮੂਲੋਂ ਚਾਹ।

ਚੰਗੇ ਅਸੀਂ ਗਰੀਬ ਹਾਂ ਤੂੰ ਚੂਰੀ ਖਾਹ।

ਠੇਕਾ ਨਹੀਂ ਬਹਿਸ਼ਤ ਦਾ ਹੈ ਤੇਰੇ ਪਾਸ।

ਜਿਸ ਦੀ ਖਾਤਰ ਖਲਕ ਨੂੰ ਦੇ ਰਿਹੋਂ ਤਰਾਸ।

ਸਾਡਾ ਇਕ ਅਕਾਲ ਹੀ ਹੈ ਪੂੰਜੀ ਰਾਸ।

ਸਾਡੇ ਲੇਖੇ ਓਸ ਨੇ ਕਰ ਛੱਡੇ ਰਾਸ।

28 / 173
Previous
Next