ਬਿਜਲੀ ਦੇ ਵਾਂਗ ਤੇਗ਼ ਸਿਰ 'ਤੇ ਆਣ ਪੈ ਗਈ।
ਇਕ ਫੋਰ ਦੇ ਵਿਚ ਖੂਨ ਦੀ ਇਕ ਧਾਰ ਵਹਿ ਗਈ।
ਮੱਸੇ ਦਾ ਸਿਰ ਮਲੂਮ ਨਹੀਂ ਕੌਣ ਲੈ ਗਿਆ?
'ਕੀ ਹੋ ਗਿਆ' 'ਉਹ ਕੌਣ ਸੀ' ਇਹ ਸ਼ੋਰ ਪੈ ਗਿਆ?
ਜਾਨਾਂ ਨੂੰ ਦੋਇ ਬੀਰ ਤਲੀ ਪਰ ਟਿਕਾਇ ਕੇ।
ਬਿਜਲੀ ਦੇ ਵਾਂਗ ਤੇਗ਼ ਦਾ ਜੌਹਰ ਵਿਖਾਇ ਕੇ।
ਪਾਪੀ ਦਾ ਸਿਰ ਕਲਮ ਦੇ ਵਾਂਗ ਕਟ ਲਿਆਇ ਕੇ।
ਹੋ ਕੇ ਸਵਾਰ ਤੁਰ ਪਏ ਵਾਗਾਂ ਉਠਾਇ ਕੇ।
ਬਲ ਬੀਰ ਪੰਥ ਦੇ ਹਜ਼ੂਰ ਪਹੁੰਚ ਜਾਂਵਦੇ।
ਪ੍ਰਣ ਪਾਲ, ਸੀਸ ਦੁਸ਼ਟ ਦਾ ਅੱਗੇ ਟਿਕਾਂਵਦੇ।
ਹੇ ਬੀਰੋ ! ਤੁਹਾਡੀ ਏਸ ਘਾਲ ਨੇ ਪੰਥ 'ਤੇ ਬੜਾ ਅਹਿਸਾਨ ਕੀਤਾ ਹੈ ਤੁਹਾਡਾ ਜਨਮ ਸਫਲਾ ਹੈ
ਸਾਹਸ ਇਹ ਦੇਖ ਖਾਲਸਾ ਕੁਰਬਾਨ ਹੋ ਗਿਆ।
ਤੇਰੇ ਜਿਹਾਂ ਹੀ, ਬੀਰ ! ਪੰਥ ਹੈ ਬਚਾ ਲਿਆ।
ਤੂੰ ਕੌਮ ਦੇ ਸਿਰ ਭੀ ਬੜਾ ਅਹਿਸਾਨ ਪਾਲਿਆ।
ਅਰ ਆਪਣਾ ਭੀ ਜਨਮ ਸਫਲ ਹੈ ਬਣਾ ਲਿਆ।
ਸੂਰੇ ਮਤਾਬ ਸਿੰਘ ! ਤੇਰਾ ਨਾਮ ਰਹੇਗਾ।
ਹੇ ਸੁੱਖਾ ਸਿੰਘ ! ਯਾਦ ਤੇਰਾ ਕਾਮ ਰਹੇਗਾ।
ਆਪਣੀ ਕੌਮ 'ਤੇ ਤਲਵਾਰ ਵਹਿੰਦੀ ਨ ਸੁਣ ਸਕੇ
ਦਿਨ ਬੀਤ ਗਏ ਢੇਰ ਇਸ ਹਾਲ ਰਹਿੰਦਿਆਂ।
ਘਰ ਬਾਰ ਛੋੜ ਜੰਗਲਾਂ ਦੇ ਕਸ਼ਟ ਸਹਿੰਦਿਆਂ।
ਪਰ ਧਿਆਨ ਸੀ ਪੰਜਾਬ ਦਾ ਉਠਦੇ ਤੇ ਬਹਿੰਦਿਆਂ।
ਸੁਣਦੇ ਸੇ ਆਪਣੀ ਕੌਮ 'ਤੇ ਤਲਵਾਰ ਵਹਿੰਦਿਆਂ।
ਪਯਾਰੇ ਵਤਨ ਦੀ ਯਾਦ ਤੇ ਵੀਰਾਂ ਦਾ ਮੋਹ ਪਿਆਰ।
ਕਦ ਪੈਣ ਦੇਂਵਦਾ ਸੀ ਸੇਵਕਾਂ ਦੇ ਦਿਲ ਕਰਾਰ।
ਭਾਈ ਮਤਾਬ ਸਿੰਘ ਜੀ ਪੰਜਾਬ ਆ ਗਏ।
ਸੁਣਿਆ ਕਿ ਤਾਰੂ ਸਿੰਘ ਜੀ ਹਨ ਕਸ਼ਟ ਪਾ ਰਹੇ।
ਦਿਲ ਜੋਸ਼ ਖਾਇ ਆ ਗਏ ਲਾਹੌਰ ਦੇ ਵਿਖੇ।
ਅਰ ਚੀਰ ਕੇ ਸਫਾਂ ਨੂੰ ਵੀਰ ਪਾਸ ਜਾ ਟਿਕੇ।