ਦੋ ਵੀਰ ਮਿਲੇ ਠੰਢ ਪਈ ਅੰਗ ਅੰਗ ਨੂੰ।
ਬਹਿ ਯਾਦ ਕਰਨ ਗੁਰੂ ਪਿਤਾ ਅੰਗ ਸੰਗ ਨੂੰ।
ਭਾਈ ਨੂੰ ਮਿਲ ਕੇ ਭਾਈ ਜੀ ਜਦ ਬਾਹਰ ਨਿਕਲੇ।
ਵੈਰੀ ਧੁਰਾਂ ਦੇ ਤੁਰਕ ਬੇ ਲਿਹਾਜ਼ ਮਿਲ ਪਏ।
ਹੱਲਾ ਮਚਾਇ ਜ਼ੋਰ ਪਾਇ ਅੰਤ ਫੜ ਲਏ।
ਨਾਜ਼ਮ ਦੇ ਪਾਸ ਬੰਨ੍ਹ ਕੇ ਤੁਰੰਤ ਲੈ ਗਏ।
ਨਾਜ਼ਮ ਨੇ ਦੇਖ ਆਖਿਆ ਚਰਖੀ ਚੜ੍ਹਾ ਦਿਓ।
ਸਿੱਖਾਂ ਦਾ ਨਾਂ ਨਿਸ਼ਾਨ ਜਗਤ ਤੋਂ ਮਿਟਾ ਦਿਓ।
ਸੁਣ ਕੇ ਇਹ ਹੁਕਮ ਬੀਰ ਨੂੰ ਹੋਇਆ ਨਹੀਂ ਮਲਾਲ।
ਤੁਰਕਾਂ ਦੇ ਨਾਲ ਤੁਰ ਪਏ ਧਿਆਉਂਦੇ ਅਕਾਲ।
ਚਰਖੀ 'ਤੇ ਚੜ੍ਹੇ ਕਹਿੰਦੇ ਰਹੇ ਸਤਿ ਸ੍ਰੀ ਅਕਾਲ।
ਅਰ ਜਾਨ ਨੂੰ ਘੁਮਾ ਗਏ ਸੱਚੇ ਪਿਆਰ ਨਾਲ।
ਦੁੱਖਾਂ ਦੀ ਭੂਮੀ ਛੋੜ ਕੇ ਸੁਖ ਧਾਮ ਜਾ ਵਸੇ।
ਵਿਚ ਸੱਚ ਖੰਡ ਕਰਨ ਨੂੰ ਆਰਾਮ ਜਾ ਵਸੇ।
ਅਜੇਹੀ ਬੀਰ ਕੌਮ ਦਾ ਅੱਜ ਕੀ ਹਾਲ ਹੈ?
ਜਿਸ ਕੌਮ ਦੇ ਸਪੂਤ ਏਹੇ ਬੀਰ ਹੋ ਗਏ।
ਜਿਸ ਧਰਮ ਤੋਂ ਅਨੇਕ ਲਾਲ ਖਾਕ ਵਿਚ ਮਿਲੇ।
ਦੇ ਦੇ ਕੇ ਸੀਸ ਬਾਗ਼ ਜਿਹੜਾ ਸਿੰਜਦੇ ਰਹੇ।
ਤਲੀਆਂ 'ਤੇ ਧਰ ਕੇ ਜਿੰਦ ਜਿਲ੍ਹਾ ਨਾਮ ਰੱਖ ਚੁੱਕੇ।
ਉਸ ਕੌਮ ਦਾ ਅੱਜ ਹੋਰ ਹੀ ਹੈ ਹਾਲ ਹੋ ਰਿਹਾ।
ਫੁੱਲਾਂ ਫਲਾਂ ਤੋਂ ਬਾਝ ਹੈ ਬੇਹਾਲ ਹੋ ਰਿਹਾ।
ਜੋ ਪ੍ਰੇਮ ਪੰਥ ਵਾਸਤੇ ਅਰਪਣ ਸੀ ਹੋਂਵਦਾ।
ਉਹ ਪ੍ਰੇਮ ਮਾਣ ਵਾਸਤੇ ਹੈ ਜ਼ੋਰ ਲਾ ਰਿਹਾ।
ਦੁਨੀਆਂ ਦੇ ਪਯਾਰ ਨਾਲ ਦਿਲ ਹੈ ਜਕੜਿਆ ਗਿਆ।
ਅਰ ਧਰਮ ਨਾਮ ਮਾਤ੍ਰ ਦਿਲਾਂ ਵਿਚ ਹੈ ਜਾਪਦਾ।
ਸ੍ਵਾਰਥ ਦੀ ਪ੍ਰੀਤ ਦਿਲ 'ਤੇ ਚੁਟਕੀਆਂ ਹੈ ਲੈ ਰਹੀ।
ਹੈ ਆਪਣੀ ਹੀ ਫਿਕਰ ਸਾਰਿਆਂ ਨੂੰ ਪੈ ਰਹੀ।
ਦੁਨਯਾਂ ਦੇ ਤੁੱਛ ਮਾਤ੍ਰ ਪਦਾਰਥ ਦੇ ਵਾਸਤੇ।
ਆਪਣੇ ਸੁਭਾਉ ਨੀਚ ਦੀ ਖਾਤਰ ਦੇ ਵਾਸਤੇ।