ਭਾਈ ਸੁਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ ਜੀ ਦੀ ਸ਼ਹਾਦਤ
ਭਾਈ ਸੁਬੇਗ ਸਿੰਘ, ਸਿੰਘ ਦਸਮ ਗੁਰੂ ਦਾ।
ਧਰਮੀ ਸਧੀਰ, ਨਿੱਤ ਨੇਮੀ ਪ੍ਰੇਮ ਦਾ ਪੁਤਲਾ।
ਕਰਦਾ ਸੀ ਵਿਚ ਲਾਹੌਰ ਦੇ ਦਰਬਾਰ ਨੌਕਰੀ।
ਕਰਦਾ ਸਿਗਾ ਬਤੀਤ ਓ ਚੁਪ ਚਾਪ ਜ਼ਿੰਦਗੀ।
ਵਿੱਦਯਾ ਤੇ ਨੇਕ ਨੀਯਤੀ ਦੇ ਗੁਣ ਦੇ ਵਾਸਤੇ।
ਦਰਬਾਰ ਦੇ ਵਿਚ ਟਿਕ ਰਿਹਾ ਸੀ ਉੱਚ ਮਰਤਬੇ।
ਸਿੰਘਾਂ ਦੇ ਨਾਲ ਗੱਲ ਬਾਤ ਹੋਂਵਦੀ ਜਦੋਂ।
ਸੋ ਆਪ ਹੀ ਵਕੀਲ ਬਣ ਕੇ ਪਹੁੰਚਦੇ ਤਦੋਂ।
ਸਿੱਖਾਂ ਤੇ ਹਾਕਮਾਂ ਦੇ ਵਿਚਾਲੇ ਦੀ ਰੰਜ਼ਗੀ।
ਕਰਦੇ ਸੋ ਦੂਰ ਲੋੜ ਸਮੇਂ ਪੈ ਕੇ ਆਪ ਹੀ।
ਮੁੱਲਾਂ ਤੇ ਕਾਜ਼ੀਆਂ ਨੂੰ ਸਿਗਾ ਖ਼ਾਰ ਖਟਕਦਾ।
ਇਹ ਸਿੱਖ ਹੋ ਕੇ ਜੀਉਂਦਾ, ਅੰਧੇਰ ਹੈ ਬੜਾ।
ਪਰ ਇਸ ਦੇ ਬਰ ਖਿਲਾਫ਼ ਕੋਈ ਬਾਤ ਨਾ ਮਿਲੇ।
ਜਿਸ ਨੂੰ ਦਿਖਾ ਕੇ ਜਾਨ ਸਿੰਘ ਦੀ ਕਢਾਂਵਦੇ।
ਅਮਨ ਅਮਾਨ ਨਾਲ ਏ ਕਰਦਾ ਸੀ ਇੰਤਜ਼ਾਮ।
ਇਮਾਨਦਾਰੀ ਵਿਚ ਭੌ ਪਾਯਾ ਸੀ ਖੂਬ ਨਾਮ।
ਇਸ ਸ਼ਾਂਤੀ ਦੇ ਜ਼ੋਰ 'ਤੇ ਸੀ ਹੋ ਰਿਹਾ ਨਿਰਬਾਹ।
ਅਰ ਦੁਸ਼ਮਣਾਂ ਦੀ ਏਸ 'ਤੇ ਚਲਦੀ ਨਹੀਂ ਸੀ ਵਾਹ।
ਇਕ ਪੁਤ੍ਰ ਸੀ ਸ਼ਾਹਬਾਜ਼ ਸਿੰਘ ਏਸ ਦਾ ਜਵਾਨ।
ਸੀ ਉਮਰ ਤਾਂ ਨਦਾਨ ਮਗਰ ਬੁੱਧ ਸੀ ਮਹਾਨ।
ਮਕੱਤਬ ਦੇ ਵਿਚ ਵਿੱਦਿਆ ਦੇ ਹੇਤ ਜਾਂਵਦਾ।
ਮੁੱਲਾਂ ਦੇ ਪਾਸ ਬੈਠ ਫ਼ਾਰਸੀ ਪਕਾਂਵਦਾ।
ਇਹ ਲਾਲ ਸੀ ਸੁਸ਼ੀਲ ਧਰਮ ਦਾ ਬੜਾ ਬਲੀ।
ਅਰ ਰੂਪ ਭੀ ਸੀ ਏਸ ਦਾ ਗੁਲਾਬ ਦੀ ਕਲੀ।
ਪਰ ਮੌਲਵੀ ਨੂੰ ਏਸ ਦਾ ਕਦ ਰੂਪ ਭਾਂਵਦਾ।
ਮਨ ਜਿਸ ਦਾ ਸਦਾ ਆਪਣਾ ਹੀ ਆਪ ਚਾਹੁੰਦਾ।