ਹੁਣ ਹੋ ਜਾ ਤੱਯਾਰ ਦਰੇੜਾਂ ਸਹਿਣ ਨੂੰ,
ਮਿਲੂ ਨਾ ਤੈਨੂੰ ਥਾਉਂ ਜੀਉਂਦੇ ਰਹਿਣ ਨੂੰ।
ਸੂਬੇ ਦੇ ਦਰਬਾਰ ਕਰਾਂਗਾ ਪੇਸ਼ ਮੈਂ,
ਕਰਦਾ ਰਿਹਾਂ ਲਿਹਾਜ਼ ਪਲੀਦ! ਹਮੇਸ਼ ਮੈਂ।
ਉੱਤਰ ਸ਼ਾਹਬਾਜ਼ ਸਿੰਘ, ਇਤਕਾਦ ਵਾਲਾ ਆਪੇ ਆਵੇਗਾ
ਮੁੱਲਾਂ ਜੀ ! ਕਿਉਂ ਆਪ ਕ੍ਰੋਧ ਵਿਚ ਆਉਂਦੇ?
ਬਦੋ ਬਦੀ ਇਸਲਾਮ ਗਲ ਕਿਉਂ ਹੋ ਪਾਉਂਦੇ?
ਹੋ ਜਿਸ ਨੂੰ ਇਤਕਾਦ ਆਪ ਹੀ ਆਇਗਾ?
ਧਿੰਗੋ ਜ਼ੋਰੀ ਕੌਣ ਗਲਾ ਫੜਵਾਇਗਾ?
ਮੁੱਲਾਂ-ਓ ਕਾਫਰ ਬੇਦੀਨ ! ਹੋਰ ਕੀ ਬਕ ਰਿਹਾ?
ਮੈਂ ਤੇਰਾ ਹਾਂ ਮੂੰਹ ਕਦੋਂ ਦਾ ਤੱਕ ਰਿਹਾ।
ਦੂਜੀ ਕੁਫਰ ਕਲਾਮ ਕਹੀ ਮਰਦੂਦ ਤੂੰ।
ਕਿੱਥੋਂ ਪਹੁੰਚੇ ਆਇ ਨਵਾਂ ਨਮਰੂਦ ਤੂੰ?
ਚੱਲ ਸੂਬੇ ਦੇ ਪਾਸ ਤੇਰਾ ਸਿਰ ਵੱਢੀਏ।
ਤੇਰੀ ਕੁਫਰ ਹਵਾਇ ਮਗਜ਼ 'ਚੋਂ ਕੱਢੀਏ।
ਤੂੰ ਕੀ ਜਾਤਾ ਮੂੜ੍ਹ ਅਸਾਡੇ ਦੀਨ ਨੂੰ।
ਕਰਨਾ ਕਤਲ ਜ਼ਰੂਰ ਅਕੀਦੇ ਹੀਨ ਨੂੰ।
ਸੋਰਠਾ॥
ਤਾਜ਼ਾ ਅੱਜ ਸ਼ਿਕਾਰ ਮੁੱਲਾਂ ਦੇ ਹੱਥ ਚੜ੍ਹ ਗਿਆ,
ਤੁਰਿਆ ਕੱਛਾਂ ਮਾਰ, ਮੂੰਹ 'ਤੇ ਚੜ੍ਹੀਆਂ ਲਾਲੀਆਂ।
ਹੋਰ ਨ ਕੋਈ ਬਾਤ, ਹੋਈ ਬਾਲਕ ਨਾਲ ਸੀ,
ਕੀ ਕਰਕੇ ਉਤਪਾਤ, ਚੁਗਲੀ ਖਾਂਦਾ ਜਾਇ ਕੇ।
ਢੇਰ ਸੋਚ ਦੇ ਬਾਦ, ਓੜਕ ਘੜੀ ਦਲੀਲ ਇਹ,
ਮੈਂ ਇਸ ਦਾ ਉਸਤਾਦ ਕਿਉਂ ਬੇਅਦਬੀ ਇਨ ਕਰੀ।
ਮੁੱਲਾਂ ਬੋਲਿਆ 'ਨਵਾਬ ਜੀ ! ਮੈਂ ਸਹਾਰਾ ਕਰਦਾ ਜਾਂਦਾ ਸੀ। ਤੇ ਏਹ ਅੱਗੋਂ ਕਰਾਰਾ ਬੋਲਦਾ ਜਾਂਦਾ ਸੀ।
ਚੌਪਈ॥
ਚੱਲ ਮੁੱਲਾਂ ਸੂਬੇ ਪਹਿ ਆਯਾ। ਆ ਕੇ ਸਾਰਾ ਹਾਲ ਸੁਣਾਯਾ।
ਇਹ ਲੜਕਾ ਜੋ ਪਾਸ ਖੜਾ ਹੈ। ਬੇ ਦੀਦਾ ਗੁਸਤਾਖ ਬੜਾ ਹੈ।