ਮੈਂ ਇਸ ਨੂੰ ਇਕ ਗੱਲ ਕਹੀ ਸੀ। ਉਹ ਗੱਲ ਭੀ ਇਕ ਤੁੱਛ ਜੇਹੀ ਸੀ।
ਇਨ ਅਗੋਂ ਦੋ ਚਾਰ ਸੁਣਾਈਆਂ। ਅੱਖਾਂ ਮੂਲ ਨਹੀਂ ਸ਼ਰਮਾਈਆਂ।
ਉਸਤਾਦਾਂ ਦੀ ਇੱਜ਼ਤਦਾਰੀ। ਇਸ ਨੇ ਉੱਕੀ ਦਿਲੋਂ ਵਿਸਾਰੀ।
ਮੈਂ ਕਰਦਾ ਹੀ ਗਿਆ ਸਹਾਰਾ। ਪਰ ਇਹ ਬੋਲੀ ਗਿਆ ਕਰਾਰਾ।
ਜੇ ਹੁਣ ਇਸ ਨੂੰ ਦਿਓ ਸਜਾਇ। ਏਦਾਂ ਕੀਕਰ ਹੋਗ ਨਿਭਾਇ।
ਸਿੱਖਾਂ ਦੇ ਸਿਰ ਵਿਚ ਸੌਦਾਇ। ਖਬਰ ਨਹੀਂ ਕੀ ਰਿਹਾ ਸਮਾਇ।
ਜਿਉਂ ਜਿਉਂ ਖਾਂਦੇ ਹਨ ਇਹ ਮਾਰ। ਦਿਖਲਾਵਨ ਅੱਗੋਂ ਬਲਕਾਰ।
ਦਯਾ ਆਪਣੀ ਮਨੋਂ ਭੁਲਾ ਕੇ। ਸਗੋਂ ਡਰਾਵਨ ਡੰਡ ਦਿਖਾ ਕੇ।
ਸੱਪਾਂ ਦੀ ਹਨ ਇਹ ਔਲਾਦ। ਕੁਝ ਅਹਿਸਾਨ ਨ ਰੱਖਣ ਯਾਦ।
ਐਸੇ ਹਨ ਮੂਜ਼ੀ ਮੁਰਦਾਰ। ਸਰੇ ਨ ਕੋਈ ਚੰਗੀ ਕਾਰ।
ਨਿਤ ਨਿਆਮਤਾਂ ਸ਼ਾਹੀ ਖਾਂਦੇ। ਫਿਰ ਨਹੀਂ ਅੱਖੀਂ ਜ਼ਰਾ ਨਿਵਾਂਦੇ।
ਕਦ ਤਕ ਮੂੰਹ ਵਲ ਡਿੱਠਾ ਜਾਇ? ਕਦ ਤਕ ਕੀਤਾ ਜਾਇ ਨਿਭਾਇ।
ਸ਼ਰਮ ਨਹੀਂ ਏਹਨਾਂ ਨੂੰ ਮੂਲ। ਹੁੰਦੇ ਜਾਂਦੇ ਤਿੱਖੀ ਸੂਲ।
ਤਾਂ ਤੇ ਪੱਕਾ ਕਰੋ ਇਲਾਜ। ਤਕੜੇ ਹੋ ਮਤ ਕਰਨ ਕੁਕਾਜ।
ਨਿਸ਼ਾਨੀ ਛੰਦ॥
ਸੂਬਾ ਕਹਿੰਦਾ ਕੜਕ ਕੇ ਕਿਉਂ ਮੂਜ਼ੀ ਲੜਕੇ?
ਸਾਡਾ ਹੀ ਘਰ ਭੰਨਸੋ ਸਾਥੋਂ ਹੀ ਪੜ੍ਹ ਕੇ?
ਨੱਚੋਗੇ ਕਯਾ ਕੱਲ੍ਹ ਨੂੰ ਸਾਡੇ ਸਿਰ ਚੜ੍ਹ ਕੇ?
ਕਰਸੋ ਸਾਡਾ ਟਾਕਰਾ ਤਲਵਾਰਾਂ ਫੜਕੇ?
ਇਕ ਮੁੱਲਾਂ ਤਾਂ ਉੱਠ ਕੇ ਇਹ ਲੂਤੀ ਲਾਂਦਾ।
ਇਸ ਦਾ ਬਾਪ ਸੁਬੇਗ ਸਿੰਘ ਦਰਬਾਰੋਂ ਖਾਂਦਾ।
ਖਾ ਕੇ ਸਾਡਾ ਲੂਣ ਹੀ ਸਾਡੇ ਸਿਰ ਆਂਦਾ।
ਇਸ ਨੂੰ ਓਹੋ ਉਲਟੀਆਂ ਮੱਤਾਂ ਸਿਖਲਾਂਦਾ।
ਸਿੱਖਾਂ ਦੇ ਵਿਚ ਓਸ ਦਾ ਹੈ ਰਹਿੰਦਾ ਫੇਰਾ।
ਕਰੇ ਹਮਾਇਤ ਹਿੰਦੂਆਂ ਦੀ ਸਾਂਝ ਸਵੇਰਾ।
ਆਲੀਜਾਹ ਖੌਫ ਨਾ ਕੁਝ ਰੱਖੇ ਤੇਰਾ।
ਓਸੇ ਦਾ ਇਹ ਪਾਲਿਆ ਬੇ-ਅਦਬ ਵਛੇਰਾ।
ਸਿੱਖਾਂ ਨੇ ਜੋ ਅੱਜ ਕੱਲ੍ਹ ਹੈ ਭੜਥੂ ਪਾਯਾ।
ਏਸੇ ਦਾ ਹੀ ਜਾਪਦਾ ਹੈ ਪੰਥ ਸਿਖਾਯਾ।