ਉੱਤੋਂ ਜਾਪੇ ਸਿੱਧੜਾ ਵਿਚੋਂ ਖੁਟਿਆਯਾ।
ਏਸੇ ਨੇ ਹੈ ਕੌਮ ਨੂੰ ਇਸ ਚਾਟੇ ਲਾਯਾ।
ਹਿੰਦੂ ਜਦੋਂ ਹਜ਼ੂਰ ਪਾਸ ਕੋਈ ਫੜਿਆ ਆਵੇ।
ਅੰਦਰ ਖਾਨੇ ਓਸ ਨੂੰ ਇਹ ਮੱਦਦ ਪੁਚਾਵੇ।
ਸਾਰਾ ਜ਼ੋਰ ਲਗਾਇ ਕੇ ਇਹ ਮਾਫ ਕਰਾਵੇ।
ਸਾਡਾ ਖਾ ਕੇ ਸਾਡੜਾ ਹੀ ਬੁਰਾ ਕਮਾਵੇ।
ਸੁਣ ਕੇ ਸੂਬੇ ਸਾਹਬ ਨੂੰ ਲੱਗ ਗਿਆ ਮੁਆਤਾ।
ਕੂੜੀ ਤੁਹਮਤ ਨੀਚ ਦੀ ਨੂੰ ਸੱਚ ਪਛਾਤਾ।
ਦਾਉ ਸਬੱਬੀ ਮਿਲ ਗਿਆ ਸੂਬੇ ਨੇ ਜਾਤਾ।
ਪਿਉ ਪੁੱਤਾਂ ਦੇ ਵਾਸਤੇ ਕਢਵਾਵਾਂ ਖਾਤਾ।
ਕਹਿੰਦਾ ਘੱਲੋ ਆਦਮੀ ਕੁਤਵਾਲੀ ਜਾਏ।
ਜਾ ਕੇ ਹੁਣੇ ਸੁਬੇਗ ਸਿੰਘ ਨੂੰ ਪਕੜ ਲਿਆਏ।
ਇਸ ਕਾਫਰ ਅਣਗਿਣਤ ਹੋਣਗੇ ਧ੍ਰੋਹ ਕਮਾਏ।
ਅਸੀਂ ਜਿਨ੍ਹਾਂ ਨੂੰ ਬੰਨ੍ਹੀਏ ਇਹ ਉਨ੍ਹਾਂ ਬਚਾਏ।
ਸੂਬੇ ਨੇ ਲਾਲਚ ਦੱਸਣੇ
ਪਾਧੜੀ ਛੰਦ ।।
ਕੁਤਵਾਲੀ ਪਹੁੰਚਾ ਅਹਿਲਕਾਰ। ਭਾਈ ਜੀ ਕੀਤੇ ਤੁਰਤ ਤਯਾਰ।
ਸੂਬੇ ਪਹਿ ਕੀਤਾ ਪੇਸ਼ ਆਇ। ਸੂਬਾ ਬੋਲੇ ਅਤਿ ਕ੍ਰੋਧ ਖਾਇ।
----------------
੧. ਜਦ ੧੮੦੦ ਬਿਕ੍ਰਮੀ ਵਿਚ ਨਵਾਬ ਖਾਨ ਬਹਾਦਰ ਤੇ ਸਿਦਕੀ ਭਾਈ ਤਾਰੂ ਸਿੰਘ ਜੀ ਸ਼ਹੀਦ ਨੂੰ ਤਸੀਹੇ ਦੇਣ ਦੇ ਬਦਲੇ ਸਿੰਘ ਜੀ ਦਾ ਵਾਕ "ਤੈਨੂੰ ਜੁੱਤੀਆਂ ਮਾਰ-ਮਾਰ ਕੇ ਅੱਗੇ ਲਾ ਲਵਾਂਗੇ" ਸਿੱਧ ਹੋਣ 'ਤੇ ਆਯਾ ਤਾਂ ਨਵਾਬ ਨੇ ਆਪਣੇ ਰੋਗ ਕਸ਼ਟਣੀ ਦੇ ਬਚਾਉ ਤੇ ਸਿੰਘ ਜੀ ਦੇ ਵਾਕ ਦੀ ਖਿਮਾਂ ਮੰਗਣ ਲਈ ਭਾਈ ਸੁਬੇਗ ਜੀ ਨੂੰ ਪੰਥ ਵੱਲ ਭੇਜਿਆ ਤੇ ਨਾਲ ਸਵਾ ਲੱਖ ਰੁਪਏ ਦੀ ਜਾਗੀਰ ਵੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਾਉਂ ਲਿਖ ਦਿੱਤੀ, ਪਰ ਨਵਾਬ ਕਪੂਰ ਸਿੰਘ ਜੀ ਨੇ ਕਿਹਾ ਕਿ ਅਸੀਂ ਇਹ ਜਗੀਰ ਨਹੀਂ ਲੈਂਦੇ। ਸਤਿਗੁਰੂ ਜੀ ਦਿਵਾਉਣਗੇ ਤਾਂ ਆਪੇ ਲੈ ਲਵਾਂਗੇ, ਪਰ ਨਵਾਬ ਨੇ ਗੁਰੂ ਜਾਮਨ ਦੇ ਕੇ ਮੁਆਫੀ ਮੰਗੀ ਹੈ, ਸੋ ਅਸੀਂ ਅਰਦਾਸਾ ਸੋਧ ਕੇ ਗੁਰਮਤਾ ਕਰਦੇ ਹਾਂ। ਪਸ਼ਚਾਤ ਇਹ ਕਿ ਪੰਥ ਸਿੰਘ ਜੀ ਦੇ ਕਹੋ ਹੋਏ ਵਾਕ ਉਲਟਾਨ ਦੇ ਸਮ੍ਰਥ ਨਹੀਂ ਪਰ ਜੇ ਕਦੀ ਨਵਾਬ ਆਪਣੇ ਅਜਾਬ ਤੋਂ ਮੁਕਤ ਹੋਣਾ ਚਾਹੁੰਦਾ ਹੈ ਤਾਂ ਭਾਈ ਜੀ ਦੀ ਜੁੱਤੀ ਦੀ ਠੋਕਰ ਸਿਰ 'ਤੇ ਕਰੇ, ਉਹ ਬੜਾ ਘੋਰ ਅਨਿਆਈ ਹੈ। ਸਿੰਘ ਜੀ ਦਾ ਬਚਨ ਨਹੀਂ ਟਲੇਗਾ, ਲੋੜਵੰਦ ਬਾਉਲਾ ਸਿੰਘ ਜੀ ਜਿਥੇ ਬ੍ਰਹਮਾਨੰਦ ਵਿਚ ਦੇਹਾਧਿਆਸ ਤੋਂ ਟਪ ਕੇ ਸਮਾਧੀ ਸਥਿਤ ਸਨ। ਨਵਾਬ ਨੇ ਜੁੱਤੀ ਮੰਗਾਈ ਤੇ ਸਿਰ 'ਤੇ ਮਾਰ ਖਾਂਦਾ-ਖਾਂਦਾ ਹੀ ਆਪਣਾ ਆਪ ਕਰਮਾਂ ਦਾ ਪਸ਼ਚਾਤਾਪ ਕਰਦਾ-ਕਰਦਾ ਮਰ ਗਿਆ। ਇਸ ਵਕਾਲਤ ਦੇ ਬਦਲੇ ਭਾਈ ਸਬੇਗ ਸਿੰਘ ਜੀ ਨੂੰ ਨਵਾਬ ਨੇ ਲਾਹੌਰ ਦਾ ਕੋਤਵਾਲ ਬਣਾਇਆ ਹੋਇਆ ਸੀ ਤੇ ਅੱਗੋਂ ਲਈ ਭਾਈ ਜੀ ਹੀ ਸਿੰਘਾਂ ਵੱਲ ਵਕੀਲ ਬਣ ਜਾਇਆ ਕਰਦੇ। ਪਰਜਾ ਨੇ ਵੀ ਸੁਖ ਪਾਇਆ। ਤਦੋਂ ਹੀ ਭਾਈ ਜੀ ਨੇ ਆਪਣੇ ਕੋਤਵਾਲੀ ਦੇ ਦਿਨਾਂ ਵਿਚ ਮਸਤੀ ਦਰਵਾਜ਼ੇ ਤੋਂ ਬਾਹਰ ਕਿਲ੍ਹੇ ਦੇ ਸਾਹਮਣੇ ਸਿੰਘਾਂ ਨੂੰ ਮਾਰਨ ਵਾਲੀ ਜ਼ਾਲਮ ਚਰਖੜੀ ਪੁਟਵਾ ਦਿੱਤੀ ਸੀ ਤੇ ਸਿੰਘਾਂ ਦੇ ਸਿਰ ਜੋ ਖੂਹਾਂ ਵਿਚ ਸੁੱਟੇ ਜਾਂਦੇ ਸਨ, ਕਢਵਾ ਕੇ ਇਕੋ ਥਾਂ ਸਸਕਾਰ ਕਰ ਕੇ ਸ਼ਹੀਦ ਗੰਜ ਥਾਪ ਦਿੱਤਾ ਸੀ, ਜੋ ਅਜੇ ਤਕ ਪ੍ਰਗਟ ਹੈ।