ਮੁਫਤੀ ਜੀ ! ਫਤਵਾ ਕਰੋ ਤਯਾਰ। ਇਹ ਪਿਉ ਪੁੱਤਰ ਹਨ ਸਜ਼ਾ ਵਾਰ।
ਜੋ ਹੁਕਮ ਸ਼ਰ੍ਹਾ ਦਾ ਨਿਕਲ ਆਇ। ਉਸ ਮੂਜਬ ਦੇਵਾਂਗਾ ਸਜਾਇ।
ਮੁਫਤੀ ਮੁੱਲਾਂ ਰਲ ਕਰੀ ਸਲਾਹ। ਕਹਿੰਦੇ ਇਹ ਭਾਰਾ ਹੈ ਗੁਨਾਹ ।
ਮਾਰੀ ਜਾਏ ਦੁੱਖ ਨਾਲ ਜਾਨ। ਯਾ ਹੋ ਜਾਵਨ ਇਹ ਮੁਸਲਮਾਨ।
ਸੂਬਾ ਪੁੱਛੇ ਦਸ ਕੀ ਸਲਾਹ? ਜੇ ਚਾਹੋ ਮਿਲਦੀ ਹੈ ਪਨਾਹ।
ਪੜ੍ਹ ਕਲਮਾ ਹੋਵੇ ਦੀਨ ਦਾਰ। ਸੁਖ ਵਿਚ ਲੈਸੋ ਉਮਰ ਗੁਜ਼ਾਰ।
ਜੀਵਨ ਤੁੱਛ ਹੈ ਤੇ ਧਰਮ ਹੀ ਸੱਚਾ ਸਹਾਈ ਹੈ
ਸੁਣ ਭਾਈ ਜੀ ਨੇ ਕਿਹਾ ਵਾਕ।
ਹੈ ਧਰਮ ਅਸਾਡਾ ਧਰਮ ਪਾਕ।
ਦੁਨੀਆਂ ਦੇ ਸੁਖ ਦੇ ਮਗਰ ਲਾਗ।
ਧਰਮੀ ਨਹੀਂ ਕਰਦੇ ਧਰਮ ਤਯਾਗ।
ਇਹ ਜੀਵਨ ਹੈ ਇਕ ਤੁਛ ਚੀਜ਼।
ਅਰ ਧਰਮ ਅਸਾਨੂੰ ਅਤਿ ਅਜ਼ੀਜ਼।
ਇਸ ਹਿਤ ਜੇ ਸਦਕੇ ਹੋਇ ਜਾਨ!
ਦੇ ਦੇਵਾਂਗੇ ਧਨ ਭਾਗ ਮਾਨ"।
ਸੂਬਾ ਸੁਣ ਹੋਇਆ ਲਾਲ ਲਾਲ।
ਜੱਲਾਦਾਂ ਨੂੰ ਕਹਿ ਕ੍ਰੋਧ ਨਾਲ।
ਦੇਵੇ ਅਜਾਬ ਅੱਜ ਖੂਬ ਜਾਇ।
ਗੁਸਤਾਖੀ ਦੀ ਪਾਵਨ ਸਜਾਇ।
ਪ੍ਰੇਮ ਦੀ ਸਾਂਟ ਦੇ ਵਣਜਾਰੇ
ਛਪ੍ਯ ਛੰਦ॥
ਚਲੇ ਸਿੰਘ ਬਲ ਬੀਰ ਪ੍ਰੇਮ ਦੀ ਸਾਂਟ ਉਠਾਵਨ।
ਦਸਮ ਗੁਰੂ ਦੇ ਲਾਲ ਧਰਮ ਦੀ ਆਨ ਬਚਾਵਨ।
ਚੱਲੇ ਪਿਤਾ ਅਰ ਪੁਤ੍ਰ ਗੁਰ ਗਲੀ ਪ੍ਰੇਮ ਕਮਾਵਨ।
ਸੱਤ੍ਯ ਧਰਮ ਤੋਂ ਸ੍ਰੀਰ ਆਪਣੇ ਬਲੀ ਚੜ੍ਹਾਵਨ।
ਆਏ ਅਜ਼ਾਬ ਖਾਨੇ ਵਿਖੇ ਪੁਤਲੇ ਪ੍ਰੇਮ ਪਿਆਰ ਦੇ।
ਸ੍ਰੀ ਵਾਹਿਗੁਰੂ ਦੇ ਨਾਮ ਨੂੰ ਪ੍ਰਫੁੱਲਤ ਮਨੋਂ ਉਚਾਰਦੇ।
ਲੱਗੇ ਕਰੂਰ ਜੱਲਾਦ ਦੁਹਾਂ ਨੂੰ ਕਸ਼ਟ ਪੁਚਾਵਨ।
ਚਰਖੀ ਉੱਪਰ ਚਾੜ੍ਹ ਜ਼ੋਰ ਦੇ ਨਾਲ ਭੁਆਵਨ।