ਧੁਨ ਨਿਕਲੇ ਕਰਤਾਰ ਗੇੜ ਜਿਉਂ ਜਿਉਂ ਬਹੁ ਆਵਨ ।
ਧੀਰਜ ਦੇਖ ਜੱਲਾਦ ਹੋਰ ਭੀ ਜ਼ੋਰ ਲਗਾਵਨ।
ਵਲ ਖਾ ਖਾ ਤਨ ਚੂਰਾ ਭਏ, ਮੂੰਹੋਂ ਸੀ ਨ ਉਚਾਰਿਆ।
ਜਦ ਫਾਵੇ ਹੋਇ ਜੱਲਾਦ ਦੋ, ਹੇਠਾਂ ਤਦੋਂ ਉਤਾਰਿਆ।
ਦੋਹਿਰਾ॥
ਕਸ਼ਟ ਬਿਅੰਤ ਪੁਚਾਇ ਕੇ ਲ੍ਯਾਏ ਸੂਬੇ ਕੋਲ।
ਸੁਣ ਕੇ ਹਾਲ ਅਜ਼ਾਬ ਦਾ ਸੂਬਾ ਕਹਿੰਦਾ ਬੋਲ।
ਛਪ੍ਯ ਛੰਦ ।।
ਕ੍ਯੋਂ ਸਿੱਖੋ ! ਕੁਝ ਸੋਚ ਅਜੇ ਭੀ ਮਨ ਵਿਚ ਆਈ?
ਇਹ ਇਤਨੀ ਤਕਲੀਫ ਤੁਹਾਡੇ ਬੋਲ ਪੁਚਾਈ।
ਹੁਣ ਭੀ ਕਰੋ ਵਿਚਾਰ ਦੀਨ ਦੀ ਸ਼ਰਨੀ ਆਵੋ।
ਮੌਤ ਅਜ਼ਾਬੋਂ ਛੁਟ ਚੈਨ ਦਾ ਜੀਵਨ ਪਾਵੋ।
ਮੈਂ ਇੱਜ਼ਤ ਧਨ ਭੀ ਦਿਆਂਗਾ, ਹੁੱਦਾ ਬੜਾ ਵਧਾਵਸਾਂ।
ਅਰ ਲੜਕੇ ਨੂੰ ਭੀ ਜਲਦ ਹੀ, ਚੰਗੀ ਕਾਰੇ ਲਾਵਸਾਂ।
ਖਾਨ ਜੀ ਹਾੜੇ ਨ ਪਾਵੋ, ਜੋ ਮਰਜ਼ੀ ਕਰੋ, ਅਸੀਂ ਨਵੇਂ ਅੱਜ ਕਹਿਣ ਨਹੀਂ ਆਏ, ਅੱਗੇ ਬਹੁਤ ਸਿੱਖ ਸਬੂਤ ਦਿਖਾਲ ਗਏ ਹਨ
ਭਾਈ ਜੀ ਨੇ ਕਿਹਾ ਖਾਨ ਜੀ ! ਸਿਰ ਨ ਖਪਾਵੋ?
ਕਰਨਾ ਹੈ ਸੋ ਕਰੋ ਕਿਸ ਲਈ ਹਾੜੇ ਪਾਵੋ।
ਸਿੱਖਾਂ ਦਾ ਹੈ ਧਰਮ ਨਹੀਂ ਕੁਝ ਹਾਸਾ ਠੱਠਾ।
ਪੁਰਜਾ ਪੁਰਜ਼ਾ ਹੋਇ ਪ੍ਰੇਮ ਨਹੀਂ ਹੋਣਾ ਮੱਠਾ।
ਅੱਜ ਨਵੇਂ ਅਸੀਂ ਨਹੀਂ ਕਹਿ ਰਹੇ ਸਿੱਖ ਬਹੁਤ ਦਿਖਲਾ ਗਏ।
ਸ੍ਰੀ ਕਲਗੀਧਰ ਦੇ ਨਾਮ ਤੋਂ ਬੰਦ ਬੰਦ ਕਟਵਾ ਗਏ।
ਸੁਣ ਸੂਬਾ ਰਿਸ ਖਾਇ ਕਹੇ ਮੁੜ ਕੇ ਲੈ ਜਾਵੋ।
ਉਸ ਤੋਂ ਸਖਤ ਅਜ਼ਾਬ ਇਨ੍ਹਾਂ ਨੂੰ ਹੋਰ ਪੁਚਾਵੋ।
ਯਾਦ ਕਰਨ ਇਕ ਵਾਰ ਇਸ ਤਰ੍ਹਾਂ ! ਜ਼ੋਰ ਦਿਖਾਣਾ।
ਧਰਮ ਧਰਮ ਕਹਿ ਰੋਜ਼ ਅਸਾਡੇ ਜੀ ਨੂੰ ਖਾਣਾ।
ਚਰਖੀ ਦੇ ਉੱਪਰ ਚਾੜ੍ਹ ਕੇ ਡਾਢੀ ਤੇਜ਼ ਭੁਆਵਣਾ।
ਜਦ ਤੋਬਾ ਤੋਬਾ ਕਰ ਉੱਠਣ, ਮੇਰੇ ਪਾਸ ਲਿਆਵਣਾ।