ਦੋਹਿਰਾ॥
ਨਿਰਭੈ ਸ਼ੇਰ ਅਜ਼ਾਬ ਹਿਤ ਆਏ ਦੂਜੀ ਵਾਰ।
ਚਰਖੀ ਉਪਰ ਚੜ੍ਹੇ ਭੀ ਕਰਦੇ ਨਾਮ ਉਚਾਰ।
ਗੇੜਿਆਂ ਵਿਚ ਸਾਹ ਵੀ ਨਹੀਂ ਨਿਕਲਦਾ !
ਜੱਲਾਦ ਹੱਫ ਗਏ "ਸੀ" ਨਹੀਂ ਸੁਣੀ
ਸ਼ੰਕਰ ਛੰਦ॥
ਹੁਣ ਜ਼ੋਰ ਨਾਲ ਫਿਰਾਇ ਚਰਖੀ ਦੇਣ ਕਸ਼ਟ ਮਹਾਨ।
ਪਰ ਦਸਮ ਗੁਰੂ ਦੇ ਲਾਡਲੇ ਦੁਖ ਰੰਚ ਨਾਹਿ ਮਨਾਨ।
ਓਹ ਨਾਮ ਦੇ ਵਿਚ ਮਸਤ ਹੋਏ ਹੋ ਰਹੇ ਖੁਸ਼ਹਾਲ।
ਨਾ ਮੌਤ ਦਾ ਡਰ ਮੰਨਦੇ ਨਾ ਰੋਣ ਕਸ਼ਟਾਂ ਨਾਲ।
ਹਾਂ ਹੱਡੀਆਂ ਹੋ ਚੂਰ ਗਈਆਂ ਬੰਦ ਬੰਦ ਦੁਖਾਇ।
ਅਰ ਗੇੜਿਆਂ ਵਿਚ ਸ੍ਵਾਸ ਭੀ ਲੀਤਾ ਨ ਜਾਵੇ, ਹਾਇ।
ਸਾਹ ਸੁੱਕ ਜਾਵਨ ਉਨ੍ਹਾਂ ਦੇ ਜੋ ਖੜ੍ਹੇ ਹੋਵਣ ਪਾਸ।
ਪਰ ਧੰਨ ਹੈ ਉਹ ਧਰਮ ਜੀਵਨ ਹੋਇ ਨਾਹਿ ਉਦਾਸ।
ਦੁੱਖ ਪਾਂਵਦੇ ਵਲ ਖਾਂਵਦੇ ਅਰ ਪੈਣ ਚੀਸਾਂ ਢੇਰ।
ਹੈ ਸ੍ਵਾਸ ਔਖਾ ਹੋ ਰਿਹਾ ਪਰ ਨਾਮ ਸਿਮਰਨ ਫੇਰ।
ਹੁਣ ਹੱਫ ਗਏ ਜੱਲਾਦ ਆਪਣਾ ਜ਼ੋਰ ਸਾਰਾ ਲਾਇ।
ਲਾਹ ਅੰਤ ਹੇਠਾਂ ਪਾਸ ਸੂਬੇ ਫੇਰ ਦੇਣ ਪਹੁੰਚਾਇ।
ਹੁਣ ਫੇਰ ਸੂਬਾ ਲੋਭ ਲਾਲਚ ਦੱਸ ਪਾਵੇ ਜਾਲ।
ਪਰ ਸ਼ੇਰ ਕਿੱਥੋਂ ਫਸਣ ਦੌਲਤ ਦੇ ਦਿਖਾਵੇ ਨਾਲ।
ਉਹ ਧਰਮ ਉਪਰ ਸੀਸ ਆਪਣੇ ਕਰ ਚੁੱਕੇ ਕੁਰਬਾਨ।
ਕੀ ਸਮਝਦੇ ਹਨ ਦੁੱਖ ਨੂੰ ਅਰ ਜਾਨ ਦਾ ਨੁਕਸਾਨ।
ਸਿਰ ਫੇਰ ਕਹਿੰਦੇ "ਖਾਨ ਜੀ! ਕੀ ਸਿਰ ਖਪਾਓ ਆਪ।
ਹੈ ਧਰਮ ਤਯਾਗਣ ਸਿੱਖ ਨੂੰ ਇਕ ਬੜਾ ਭਾਰੀ ਪਾਪ"।
ਹੁਣ ਰੋਹ ਚੜ੍ਹਿਆ ਖਾਨ ਨੂੰ ਅਰ ਹੋਇ ਲਾਲੋ ਲਾਲ।
ਕਹਿੰਦਾ ਇਨ੍ਹਾਂ ਨੂੰ ਦੁੱਖ ਦਿਓ ਬੇਅੰਤ ਸਖਤੀ ਨਾਲ।
ਬਾਪ ਬੇਟੇ ਨੂੰ ਵੱਖਰੇ-ਵੱਖਰੇ ਤਸੀਹੇ ਤੇ ਲਾਲਚ
ਪਰ ਐਤਕੀਂ ਏਹ ਬਾਪ ਬੇਟਾ ਰਹਿਣ ਕੱਠੇ ਨਾਹਿ।
ਤਕਲੀਫ ਦੇਣੀ ਦੁਹਾਂ ਨੂੰ ਦੋ ਵਖੋ ਵਖਰੀ ਥਾਇਂ।