ਹੁਣ ਪਿਤਾ ਜੀ ਨੂੰ ਲੈ ਗਏ ਜੱਲਾਦ ਆਪਣੇ ਨਾਲ।
ਪਰ ਪੁਤ੍ਰ ਨੂੰ ਨੱਵਾਬ ਜੀ ਨੇ ਲਿਆ ਪਾਸ ਬਿਠਾਲ।
ਅਰ ਕਹਿਣ ਲੱਗਾ ਮੂਰਖਾ ! ਤੂੰ ਗਿਓਂ ਪਾਗਲ ਹੋਇ?
ਉਸ ਬਿਰਧ ਦੀ ਕਰ ਰੀਸ ਐਵੇਂ ਜਿੰਦ ਜਾਸੇਂ ਖੋਇ।
ਤੂੰ ਜਿਸ ਘੜੀ ਵਿਚ ਦੀਨ ਦੇ ਆਰਾਮ ਕੀਤਾ ਆਇ।
ਮਿਲ ਜਾਣਗੇ ਇਕ ਪਲਕ ਦੇ ਵਿਚ ਚੈਨ ਸੁਖ ਸਮੁਦਾਇ।
ਦਰਬਾਰੀਆਂ ਵਿਚ ਨਾਮ ਤੇਰਾ ਦਿਆਂਗਾ ਲਿਖਵਾਇ।
ਇਕ ਹੂਰ ਵਰਗੀ ਨਾਲ ਤੇਰਾ ਵਯਾਹ ਦਿਆਂ ਕਰਵਾਇ।
ਧੰਨ ਮਾਲ ਜਿਤਨਾ ਲੋੜ ਹੋਵੀ ਚੁੱਕ ਕੇ ਲੈ ਜਾਹ।
ਸੰਸਾਰ ਦੇ ਵਿਚ ਕਾਸਦੀ ਨਾ ਰਹੇਗੀ ਪਰਵਾਹ।
ਜੋ ਜੀ ਕਰੇ ਸੋ ਪਹਿਨ ਅਰ ਜੋ ਜੀ ਕਰੇ ਸੋ ਖਾਹ।
ਆਨੰਦ ਜੀਵਨ ਸਾਂਭ ਕੇ ਬਣ ਬੈਠ ਸ਼ਾਹਨ ਸ਼ਾਹ।
ਸਿੱਖ ਨੂੰ ਏਹ ਚਾਹ ਨਹੀਂ, ਸੀਸ ਹਾਜ਼ਰ ਹੈ
ਇਹ ਬਾਤ ਸੁਣ ਕੇ ਲਾਲ ਨੇ ਹੱਸ ਕਿਹਾ, "ਆਲੀ ਜਾਹ!
ਮੈਂ ਸਿੱਖ ਹਾਂ ਅਰ ਸਿੱਖ ਨੂੰ ਇਹ ਨਹੀਂ ਹੁੰਦੀ ਚਾਹ।
ਉਹ ਸੁਖਾਂ ਨੂੰ ਤਾਂ ਤੁੱਛ ਜਾਣੇਂ ਦੇਹ ਨੂੰ ਛਿਨ ਭੰਗ।
ਇਕ ਧਰਮ ਦੇ ਹੀ ਨਾਲ ਪਾਲਨ ਸਿੱਖਿਆ ਹੈ ਅੰਗ।
ਬੇਅੰਤ ਸੂਰੇ ਮਰ ਗਏ ਮਰ ਜਾਣਗੇ ਬੇਅੰਤ।
ਪਰ ਸਿੱਖ ਮੌਤੋਂ ਡਰਨਗੇ ਨਾ ਖਾਨ ਸਾਹਬ! ਕਦੰਤ।
ਸੰਸਾਰ ਦੀ ਸੁਖ ਸੰਪਦਾ ਨੂੰ ਲੱਤ ਨਾਲ ਹਟਾਇ।
ਇਕ ਧਰਮ ਉਪਰ ਜਾਨ ਦੇਵਨ ਵਿਚ ਮੰਨਣ ਚਾਇ।
ਸਿੱਖੀ ਏ ਸਿਰ ਦੇ ਨਾਲ ਹੈ ਅਰ ਨਿਭੂ ਸ੍ਵਾਸਾਂ ਨਾਲ।
ਧੰਨ ਭਾਗ ਜੇਕਰ ਵਿਚ ਸਿੱਖੀ ਆਇ ਜਾਵੇ ਕਾਲ"।
ਇਹ ਉੱਤਰ ਲੈ ਕੇ ਠੁੱਠ ਵਰਗਾ ਲਾਲ ਤੋਂ ਨੱਵਾਬ।
ਫਿਰ ਹੁਕਮ ਦਿੱਤਾ ਏਸ ਨੂੰ ਦੇਵੋ ਬਿਅੰਤ ਅਜ਼ਾਬ।
ਇਹ ਮੂਜ਼ੀਆਂ ਦੀ ਕੌਮ ਹੈ ਨਾ ਲੱਗੇ ਆਖੇ ਮੂਲ।
ਜਦ ਤਕ ਨ ਹੋਯਾ ਤੰਗ, ਕਰਸੀ ਦੀਨ ਨਹੀਂ ਕਬੂਲ।
ਤੋਟਕ ਛੰਦ॥
ਹੁਣ ਜ਼ਾਲਮ ਪਾਪ ਕਮਾਵਣ ਨੂੰ, ਇਕ ਬਾਲਕ ਨੂੰ ਕਲਪਾਵਨ ਨੂੰ।
ਫੜ ਨਾਲ ਤਸੀਹੇ ਦੇਣ ਲਈ ਤੁਰ ਪਏ ਜਦੋਂ ਇਹ ਵਾਜ ਪਈ।