ਇਸ ਵਾਰੀ ਇਨ੍ਹਾਂ ਕਸਾਈਆਂ ਨੇ, ਨਿਰਦਈ ਹਿਰਦੇ ਦੇ ਸਾਈਆਂ ਨੇ।
ਚਰਖੀ ਪਰ ਨਹੀਂ ਚੜ੍ਹਾਯਾ ਹੈ, ਇਕ ਹੋਰ ਕਜ਼ੀਆ ਪਾਯਾ ਹੈ।
ਇਕ ਥੰਮ੍ਹ ਖੜਾ ਕਰਵਾ ਕੇ ਤੇ, ਮੋਟੀ ਰੱਸੀ ਮੰਗਵਾ ਕੇ ਤੇ।
ਉਸ ਸ਼ੇਰ ਜੁਆਨ ਦੁਲਾਰੇ ਨੂੰ, ਮਾਂ ਦੀਆਂ ਅੱਖਾਂ ਦੇ ਤਾਰੇ ਨੂੰ।
ਉਸ ਥੰਮ੍ਹੀ ਨਾਲ ਬੰਨ੍ਹਾ ਦਿੱਤਾ, ਇਕ ਸ਼ੇਰ ਪਿੰਜਰੇ ਪਾ ਦਿੱਤਾ।
ਹੁਣ ਚਾਰ ਬਿਤਰਸ ਖਲੋਇ ਗਏ, ਬੇਬਸ ਦੇ ਗਿਰਦੇ ਹੋਏ ਗਏ।
ਕੋਰੜਿਆਂ ਨਾਲ ਉਡਾਣ ਲੱਗੇ, ਰੂੰ ਵਾਂਗਰ ਬਦਨ ਪਿੰਜਾਣ ਲੱਗੇ।
ਹੈ ! ਹਾਇ ! ਕਸਾਈਓ ! ਤਰਸ ਕਰੋ, ਮੌਤੋਂ ਕੁਝ ਮਨ ਦੇ ਵਿੱਚ ਡਰੇ।
ਧੰਨ ਏਸ ਦੇ ਲਾਡਲੇ ਏਹ ਸੁਹਾਵਾ ਪੰਥ ਹੈ।
ਸਿਖੰਡੀ ਛੰਦ॥
ਪਿਆਰੇ ! ਮਾਰ ਧਿਆਨ, ਜਿਗਰਾ ਥੰਮ੍ਹ ਕੇ।
ਉਡਦੇ ਪੁਰਜੇ ਵੇਖ, ਸੁਹਲ ਸਰੀਰ ਦੇ।
ਪੜਛਾ ਪੜਛਾ ਹੋਇ, ਚਮੜਾ ਉਚੜੇ।
ਵੱਗੇ ਲੋਹੂ ਧਾਰ, ਜ਼ਖਮਾਂ ਵਿਚ ਦੀ।
ਦਸਮ ਗੁਰੂ ਦਾ ਸ਼ੇਰ, ਐਪਰ ਚੁੱਪ ਹੈ।
ਸਹਿੰਦਾ ਹੈ ਇਹ ਮਾਰ, ਭਾਣਾ ਜਾਣ ਕੇ।
ਚੀਸਾਂ ਨਾਲ ਸਰੀਰ, ਗੁੱਛਾ ਹੋ ਰਿਹਾ।
ਮਨ ਪਰ ਹੈ ਨਿਰਲੇਪ, ਇਸ ਤਕਲੀਫ ਤੋਂ।
ਸੱਤ ਸ੍ਰੀ ਅਕਾਲ, ਜੀਭਾ ਬੋਲਦੀ।
ਉੱਚੀ ਉੱਚੀ ਵਾਜ, ਏਹੋ ਆਂਵਦੀ।
ਬਾਲਕ ਦੀ ਏਹ ਧੀਰ, ਲੋਕੀਂ ਦੇਖ ਕੇ।
ਅੱਖੋਂ ਡੇਗਣ ਨੀਰ, ਬਿਹਬਲ ਹੋਇ ਕੇ।
ਧੰਨ ਜਣੇਦੀ ਮਾਇ ਐਸੇ ਬੀਰ ਦੀ।
ਧੰਨ ਗੁਰੂ ਦਸਮੇਸ਼ ਜਿਸ ਦਾ ਸਿੱਖ ਇਹ।
ਧੰਨ ਸੁਹਾਵਾ ਪੰਥ, ਜਿਸ ਦਾ ਸ਼ੇਰ ਹੈ।
ਧਰਮ ਹੇਤ, ਤਨ ਧੰਨ, ਚੋਟਾਂ ਖਾਇ ਜੋ।
ਪਰ ਪਾਪੀ ਜੱਲਾਦ, ਪੱਥਰ ਦਿਲਾਂ ਦੇ।
ਕੋਲੇ ਹੁੰਦੇ ਜਾਨ, ਧੀਰਜ ਦੇਖ ਕੇ।
ਉਨ੍ਹਾਂ ਦੀ ਸੀ ਚਾਹ, ਵਿਲ੍ਹਕੇ ਕਸ਼ਟ ਪਾ।