ਜਾਨ ਛੁਡਾਉਣ ਹੇਤ, ਪਾਵੇ ਵਾਸਤੇ।
ਇਸ ਨਿਰਦਯਤਾ ਨਾਲ, ਕੀਤੀ 'ਸੀ' ਨਹੀਂ।
ਹੁਣ ਕੀ ਕਰੀਏ ਡੋਲ, ਮੰਨੇ ਜਿਸ ਤਰ੍ਹਾਂ।
ਓੜਕ ਇੱਕ ਇਲਾਜ, ਚੰਗਾ ਸੋਚਿਆ।
ਵਹਿਸੀਪਣ ਦੀ ਚਾਲ, ਚੱਲੀ ਵਹਿਸ਼ੀਆਂ।
ਕੋਲੇ ਜੋੜ ਤਪਾਇ, ਅੰਗੀਠਾ ਅੱਗ ਦਾ।
ਸੀਖਾਂ ਕਰ ਕਰ ਲਾਲ, ਲੱਗੇ ਫੇਰਨੇ।
ਜਖਮਾਂ ਵਿਚੋਂ ਮਿੱਝ, ਜਿਥੋਂ ਚੋਂਵਦੀ।
ਓਥੇ ਸੀਖਾਂ ਲਾਇ, ਪਿੰਡਾ ਸਾੜਦੇ।
ਅਤਿ ਦੁੱਖ ਤਸੀਹੇ ਵੇਲੇ ਬੇਸੁਰਤੀ ਦੀ ਆਵਾਜ਼
ਗੀਆ ਮਾਲਤੀ ਛੰਦ॥
ਹਾ ! ਕਸ਼ਟ ਭੀ ਕੁਝ ਕਸ਼ਟ ਹੋਵੇ ਤਾਂ ਸਹਾਰਾ ਹੋ ਸਕੇ।
ਇਸ ਕਸ਼ਟ ਅੱਗੇ ਕੌਣ ਜੋਧਾ ਧੀਰ ਨਾਲ ਖਲੋ ਸਕੇ।
ਇਕ ਲਾਲ ਹੋਈ ਸੀਖ ਪਿੰਡੇ ਪਰ ਜਦੋਂ ਹੈ ਆਂਵਦੀ।
ਚੂੜ ਚੁੜ ਕਰੇਂਦੀ ਮਾਸ ਦੇ ਵਿਚ ਤੁਰਤ ਹੈ ਧਸ ਜਾਂਵਦੀ।
ਉਹ ਮਾਸ ਵਾਂਗ ਕਬਾਬ ਦੇ ਹੈ ਨਾਲ ਹੀ ਲਹਿ ਆਂਵਦਾ।
ਜਦ ਟੁੱਟਦਾ ਹੈ ਸਰੀਰ ਤੋਂ ਤਦ ਨਾਲ ਹੀ ਤੜਪਾਂਵਦਾ।
ਇਹ ਕਸ਼ਟ ਹੈ ਜੋ ਵਹਿਸ਼ੀਆਂ ਨੇ ਲਾਲ ਨੂੰ ਪਹੁੰਚਾਇਆ।
ਅਰ ਅੰਤ ਕਰਕੇ ਸੂਰਮੇ ਦੇ 'ਸੀ' ਮੂੰਹੋਂ ਕਢਵਾਇਆ।
ਬੇਤਾਬ ਹੋ ਚਿਚਲਾਇਆ "ਠਹਿਰੋ ! ਖੁਦਾ ਦੇ ਵਾਸਤੇ।
ਓ ਬੇ-ਹਯਾਓ ਬਸ ਕਰੋ, ਇਹ ਜ਼ੁਲਮ ਐਡਾ ਕਾਸਤੇ?
ਓੜਕੇ ਮੇਰੇ ਵਿਚ ਜਾਨ ਹੈ ਅਰ ਆਦਮੀ ਦੀ ਜਾਨ ਹੈ।
ਇਸ ਦੁੱਖ ਨੂੰ ਸਹਿ ਕੇ ਦੱਸੇ, ਆਵੇ ਕਿਤਾ ਭਲ੍ਹਵਾਨ ਹੈ?
ਇਸ ਨਿਰਦਯਾ ਦਾ ਬੰਨਾ ਵੀ ਕਿਤੋ ਹੁਣ ਆਇਗਾ?
ਯਾ ਬੇਸ਼ਰਮੀ ਦਾ ਨੱਕ ਦਿੱਲੀ ਤੋਂ ਪਰ੍ਹੇ ਤਕ ਜਾਇਗਾ?
ਹੁਣ ਬਸ ਕਰੋ ਇਸ ਜ਼ੁਲਮ ਨੂੰ ਮੇਰਾ ਸਹਾਰਾ ਹੋ ਚੁੱਕਾ।
ਇਸ ਸਰੀਰ ਉਪਰ ਕਸ਼ਟ ਦਾ ਪਰਹਾਰ ਭਾਰਾ ਹੋ ਚੁੱਕਾ।
ਹੁਣ ਲੈ ਚਲੋ ਦਰਬਾਰ ਵਿਚ ਜੋ ਚਾਹੇ ਗੱਲ ਮਨਾ ਲਓ।
ਪਰ ਇਸ ਤਰ੍ਹਾਂ ਕੀ ਲਾਭ ਹੈ ਜੋ ਮੁਸਲਮਾਨ ਬਣਾ ਲਓ?