ਜੱਲਾਦ ਨਵਾਬ ਦੀ ਸ਼ੇਖੀ ਚੂਰਨ ਹੋ ਗਈ
ਜੱਲਾਦ ਸੁਣ ਕੇ ਬਹੁੜੀ ਹੁਣ ਫੁੱਲ ਕੁੱਪਾ ਹੋ ਗਏ।
ਸੀਖਾਂ ਜ਼ਿਮੀਂ 'ਤੇ ਸੁੱਟ ਕੇ ਪਰਸੰਨ ਚਿੱਤ ਖਲੋ ਗਏ।
ਲੈ ਆਇ ਸੂਬੇ ਪਾਸ ਸਾਰਾ ਹਾਲ ਖੋਲ੍ਹ ਸੁਣਾਇਆ।
ਆਪਣੀ ਕਸਾਈ ਚਾਲ ਦਾ ਇਨਆਮ ਚਾਹੁਣ ਪਾਇਆ।
ਸੂਬੇ ਸੁਣੀ ਜਦ ਗੱਲ ਇਹ ਜਾਮੇ ਦੇ ਵਿਚ ਨ ਮੇਂਵਦਾ।
ਮੁਲਵਾਣਿਆਂ ਨੂੰ ਉਛਲ ਕੇ ਸੌ ਸੌ ਵਧਾਈਆਂ ਦੇਂਵਦਾ।
ਸਾਰੀ ਉਮਰ ਵਿੱਚ ਸਿੱਖ ਕੋਈ ਧਰਮ ਤੋਂ ਨਾ ਡੋਲਿਆ।
ਇਕ ਏਹ ਮੁੰਡਾ ਅੱਜ ਮੁਸ਼ਕਲ ਨਾਲ ਦੇਖੋ ਬੋਲਿਆ।
ਇਸ ਖੁਸ਼ੀ ਵਿੱਚ ਨਵਾਬ ਨੂੰ ਇਕ ਹੋਰ ਚੇਤਾ ਆਇਆ।
ਭਾਈ ਸਬੇਗ ਮ੍ਰਿਗਿੰਦ ਨੂੰ ਦਰਬਾਰ ਵਿਚ ਮੰਗਵਾਇਆ।
ਵਡਮਾਰ ਸ਼ੇਖੀ ਬੋਲਿਆ: ਕਿਉਂ ਖਾਲਸਾ ! ਕੀ ਹਾਲ ਹੈ?
ਇਹ ਪੁਤ੍ਰ ਤਾਂ ਹੁਣ ਰਲਣ ਨੂੰ ਤੱਯਾਰ ਸਾਡੇ ਨਾਲ ਹੈ।
ਕੀ ਆਪ ਦਾ ਹੰਕਾਰ ਹੁਣ ਤਕ ਹੈ ਉਸੇ ਬਲਕਾਰ ਵਿਚ?
ਯਾ ਗੱਲ ਮੇਰੀ ਮੰਨ ਕੇ ਸੁਖ ਪਾਉਗੇ ਸੰਸਾਰ ਵਿਚ।
ਸੁਣ ਕੇ ਸਬੇਗ ਮ੍ਰਿਗਿੰਦ ਦੇ ਅੱਖੀਂ ਅਨ੍ਹੇਰਾ ਛਾ ਗਿਆ।
ਕੀ ਲਾਲ ਮੇਰਾ ਸਿੱਖ ਹੋ ਕੇ ਦੁੱਖ ਤੋਂ ਘਬਰਾ ਗਿਆ?
ਹੁਣ ਪੁਤ੍ਰ ਵੱਲ ਧਿਆਨ ਕਰ ਉਪਦੇਸ਼ ਛੱਟਾ ਮਾਰਿਆ।
ਉਸ ਲਗਰ ਕੋਮਲ ਸੁੱਕਦੀ ਨੂੰ ਨੀਰ ਸਿੰਜ ਖਲ੍ਹਾਰਿਆ।
ਬੇਟਾ ਤੂੰ ! ਸਤਿਗੁਰਾਂ ਦਾ ਸਿੱਖ ਕਹੌਂਦਾ ਹੈਂ
ਇਹ ਕੀਤੀ ਕੀ ਹੈ ਵਿਚਾਰ ਬੇਟਾ?
ਕਿ ਤਿਆਗਿਆ ਧਰਮ ਪਿਆਰ ਬੇਟਾ।
ਤੂੰ ਸਿੱਖ ਦਸਮੇਸ਼ ਦਾ ਅਖਾ ਕੇ।
ਤੇ ਤੁੱਛ ਕਸ਼ਟਾਂ ਤੋਂ ਸਹਿਮ ਖਾ ਕੇ।
ਲੱਗੋਂ ਕਰਨ ਕੀ ਕੁਕਰਮ ਆ ਕੇ।
ਸੰਭਾਲ ਸਿੱਖਾਂ ਦੀ ਕਾਰ ਬੇਟਾ!
ਇਹ ਰੂਪ ਜੋਬਨ ਅਤੇ ਜਵਾਨੀ।
ਇਹ ਸੁਖ ਜਗਤ ਦੇ ਨੇ ਨਾਸ਼ ਮਾਨੀ।
ਨਿਭੇਗੀ ਕਦ ਤਕ ਏ ਜ਼ਿੰਦਗਾਨੀ।