ਦੋਹਿਰਾ॥
ਰਣ ਵਿਚ ਧਰਮੋਂ ਜੂਝ ਕੇ ਜਾਣ ਜੁ ਜਿੰਦਾਂ ਵਾਰ।
ਦੁਨੀਆਂ ਵਾਂਗ ਗਾਉਂਦੀ ਦੇ ਆਦਰ ਕਰਤਾਰ।
ਭਾਈ ਤਾਰਾ ਸਿੰਘ ਜੀ ਵਾਈਏਂ ਦੇ ਧਰਮ ਯੁੱਧ ਦੀ ਵਾਰ
ਖਾਲਸੇ ਦੇ ਖੁਲ੍ਹੇ ਲੰਗਰ
ਮਾਝੇ ਨਗਰ ਡੱਲ੍ਹਵਾਂ ਇਕ ਉੱਘਾ ਭਾਰਾ।
ਤਾਰਾ ਸਿੰਘ ਸੀ ਖਾੜਕੂ ਇਕ ਗੁਰੂ ਪਿਆਰਾ।
ਪੈਲੀ ਬੰਨੇ ਆਪਣੇ ਇਕ ਵਲਿਆ ਵਾੜਾ।
ਆਏ ਗਏ ਭਰਾਉ ਨੂੰ ਦੇ ਛੱਡੇ ਉਤਾਰਾ।
ਵਾੜੇ ਵਿਚ ਅੰਗੀਠੜਾ ਇਕ ਮਘਦਾ ਭਾਰਾ।
ਲੱਗਾ ਰਹਿੰਦਾ ਅੰਨ ਦਾ ਅਣਟੁੱਟ ਭੰਡਾਰਾ।
ਭੱਜਦੇ ਨੱਸਦੇ ਖਾਲਸੇ ਆ ਲੈਣ ਸਹਾਰਾ।
ਛਕ ਪਰਸ਼ਾਦੇ ਅੱਗ ਸੇਕ ਫਿਰ ਕਰਨ ਤਯਾਰਾ।
ਵਾੜਾ ਸਿੰਘਾਂ ਵਾਸਤੇ ਸੀ ਠਾਹਰ ਭਾਰੀ।
ਰਹਿਣ ਬਹਿਣ ਦੀ ਥਾਉਂ ਸੀ ਇਕ ਬਣੀ ਨਯਾਰੀ।
ਹੱਲੇ ਗੁੱਲੇ ਮਾਰ ਕੇ ਇਸ ਠਾਹਰ ਮਝਾਰੀ।
ਆ ਕੇ ਲੈਂਦੇ ਆਸਰਾ ਬਹੁ ਹੁੰਦੀ ਦਾਰੀ।
ਛੱਡ ਵੱਸੋਂ ਇਸ ਕਿਲ੍ਹੇ ਵਿਚ ਬਹੁ ਵਾਸ ਰਖਾਂਦੇ।
ਦੋ ਦੋ ਸੌ ਤਕ ਸੂਰਮੇਂ ਪਰਸ਼ਾਦੇ ਖਾਂਦੇ।
ਹੱਥ ਪਦਾਰਥ ਆਇ ਜੋ ਕੁਝ ਏਥੇ ਪਾਂਦੇ।
ਆਪੇ ਲੰਗਰ ਲਾਉਂਦੇ ਆਪੇ ਛਕ ਜਾਂਦੇ।
ਭਾਈ ਤਾਰਾ ਸਿੰਘ ਦੀ ਸੀ ਬੜੀ ਰਸਾਈ।
ਸਿੰਘਾਂ ਨਾਲ ਪਰੀਤ ਸੀ ਇਨ ਸੱਚੀ ਲਾਈ।
ਜੋ ਆਯਾ ਸਿਰ ਚੁੱਕ ਕੇ ਇਸ ਟਹਿਲ ਕਮਾਈ।
ਉੱਘੀ ਮਾਝੇ ਵਿਚ ਸੀ ਇਹ ਥਾਉਂ ਬਣਾਈ।
ਕੱਠੇ ਜੋਧੇ ਪੰਥ ਦੇ ਹੋ ਜੁੜਦੇ ਭਾਈ।
ਲਾਗੇ ਚਾਗੇ ਜੱਵੇ ਦੀ ਹੁੰਦੀ ਵਡਿਆਈ।