ਪਏ ਜੇ ਕੋਈ ਟਾਕਰਾ ਤਦ ਹੋਇ ਸਹਾਈ।
ਰਲਦੇ ਦੁੱਖ ਵੰਡਾਂਵਦੇ ਸਹਿ ਕੇ ਔਖਿਆਈ।
ਲਾਲਾ ਸਾਹਿਬ ਰਾਇ ਚੌਧਰੀ ਦੇ ਦੁੱਖ ਤੇ ਕੁਬੋਲ
ਸਾਹਿਬਰਾਇ ਇਕ ਚੌਧਰੀ ਨੌਸ਼ਹਿਰੇ ਰਹਿੰਦਾ।
ਸਿੱਖਾਂ ਨਾਲ ਅਦੌਤ ਰੱਖ ਦਿਨ ਰਾਤੀ ਖਹਿੰਦਾ।
ਕਣਕੀਂ ਟੈਰਾਂ ਛੱਡ ਕੇ ਸਭ ਨਾਸ ਕਰੈਂਦਾ।
ਵਰਜੇ ਅੱਗੋਂ ਜੇ ਕੋਈ ਤਾਂ ਵੱਢਣ ਪੈਂਦਾ।
ਸੜ ਕੇ ਇਕ ਦਿਨ ਆਖਿਆ ਦੋ ਜੱਟਾਂ ਜਾ ਕੇ।
ਉੱਜੜ ਗਈਆਂ ਪੈਲੀਆਂ ਪਾ ਝਾਤੀ ਆ ਕੇ।
ਕਹਿੰਦਾ ਸਿੱਖੋ ! ਤੁਸਾਂ ਦੇ ਹੁਣ ਕੇਸ ਵਢਾ ਕੇ।
ਬੰਨ੍ਹਾਂਗਾ ਏਹ ਘੋੜੀਆਂ ਰੱਸੇ ਵਟਵਾ ਕੇ।
ਖਾ ਕੇ ਖੁਣਸ ਜਟੇਟਿਆਂ ਟੈਰਾਂ ਕਢਵਾਈਆਂ।
ਨਗਦੇ ਕਰਕੇ ਮਾਲਵੇ ਰਕਮਾਂ ਮੰਗਵਾਈਆਂ।
ਭਾਈ ਤਾਰਾ ਸਿੰਘ ਦੇ ਜਾ ਲੰਗਰ ਪਾਈਆਂ।
ਭਾਲ ਕਰਾਈ ਚੌਧਰੀ ਪਰ ਹਥ ਨ ਆਈਆਂ।
---------------------
੧. ਦੀਵਾਨ ਜਸਪਤ ਰਾਏ ਨੇ ਜਦ ਖਾਲਸਾ ਜੀ ਨੂੰ ਰੋੜੀ ਸਾਹਿਬ ਦੇ ਦਰਸ਼ਨ ਦੀਦਾਰ ਵੈਸਾਖੀ ਵਾਲੇ ਦਿਨ ਨਾ ਹੋਣ ਦਿੱਤੇ ਤੇ ਕਿਹਾ ਕਿ ਹੁੰਦੇ ਚਲੇ ਜਾਵੇ ਨਹੀਂ ਤਾਂ ਹੁੱਕੇ ਦਾ ਪਾਣੀ ਸਿਰ ਵਿਚ ਸੁਟ ਕੇ ਇਕ-ਇਕ ਦਾ ਸਿਰ ਮੁੰਨ ਦੇਵਾਂਗਾ ਤਾਂ ਏਸ ਹੰਕਾਰ ਭਰੀ ਬੋਲੀ ਤੋਂ ਵੀ ਸਲਨ ਵਾਲੇ ਬਚਨ ਸਿੰਘਾਂ ਨੇ ਨਾ ਸਹਾਰੇ ਤੇ ਤਤਕਾਲ ਹੀ ਇਸ ਨੂੰ ਜਮਰਾਜ ਦੇ ਹਵਾਲੇ ਕਰ ਦਿੱਤਾ। ਏਸ ਤੋਂ ਖਿੱਝ ਕੇ ਇਹਦੇ ਭਰਾ ਲਖਪਤ ਨੇ ਪ੍ਰਣ ਕੀਤਾ ਕਿ ਮੈਂ ਸਿੱਖਾਂ ਦਾ ਖੁਰਾ-ਖੋਜ ਨਹੀਂ ਛੱਡਣਾ। ਇਕ ਖਤ੍ਰੀ ਨੇ ਏਹ ਬਣਾਏ ਸੇ ਤੇ ਮੈਂ ਖਤ੍ਰੀ ਨਿਰਮੂਲ ਕਰ ਦੇਵਾਂਗਾ। ਭਾਵੇਂ ਚੌਧਰੀ ਕੌੜਾ ਮਲ ਆਦਿਕਾਂ ਨੇ ਬਥੇਰਾ ਠਾਕਿਆ ਪਰ ਏਸ ਨੀਚ ਨੇ ਥਾਓਂ-ਥਾਈਂ ਵਿਚਾਰੇ ਗਰੀਬ ਬੇਦੋਸ਼ੇ ਸਿੱਖਾਂ ਨੂੰ ਫੜ ਕੇ ਕੁਹਾ ਸੁਟਿਆ ਤੇ ਘਲੂਘਾਰੇ ਦਾ ਮੋਢੀ ਬਣਿਆ। ਏਸੇ ਨੀਚ ਨੇ, ਲਾਹੌਰੀਏ, ਜੋ ਅਕਸਰ ਗੁੜ ਨੂੰ ਗੁਰ ਕਹਿ ਦੇਂਦੇ ਸੀ ਭੁੱਲ ਕੇ ਵੀ ਕਿਸੇ ਦੇ ਮੂੰਹੋਂ ਗੁਰ ਨਿਕਲੇ, ਗੁੜ ਲਈ ਰੋੜੀ ਕਹਿਣ ਦਾ ਹੁਕਮ ਦੇ ਦਿੱਤਾ ਸੀ। ਇਸ ਦੇ ਅਤਿਆਚਾਰਾਂ ਨੂੰ ਵੇਖ ਕੇ ਧਰਤੀ ਦੀ ਧੀਰ ਵੀ ਕੰਬ ਉੱਠੀ ਤੇ ਦੁਰਾਨੀਆਂ ਨੇ ਆ ਕੇ ਦੇਸ਼ ਵਿਚ ਭੜਥੂ ਪਾ ਦਿੱਤਾ। ਲਖਪਤ ਦੀ ਸਾਰੀ ਜਾਇਦਾਦ ਚੱਟੀ ਲਾ ਕੇ ਜਬਤ ਕੀਤੀ ਗਈ ਤੇ ਬਾਕੀ ਬਦਲੇ ਏਸ ਅਪਕਰਮੀ ਨੂੰ ਹਾਕਮਾਂ ਨੇ ਕੈਦ ਕਰਕੇ ਕੋਠੇ ਤੋਂ ਮੁੱਘ ਥਾਣੀ ਪਖਾਨਾ ਪਿਸ਼ਾਬ ਕਰ-ਕਰ ਕੇ ਬੜੀ ਕਸ਼ਟ ਦੇ ਨਾਲ ਮਾਰਿਆ। ਏਸ ਤੋਂ ਏਹ ਪੱਕਾ ਸਬੂਤ ਹੈ ਕਿ ਸਿੰਘਾਂ ਦਾ ਕਿਸੇ ਖਾਸ ਕੌਮ ਨਾਲ ਵੈਰ ਈਰਖਾ ਨਹੀਂ ਸੀ, ਇਹ ਵਿਚਾਰੇ ਤਾਂ ਸਾਧਵੀ ਜ਼ਿੰਦਗੀ ਬਿਤਾਉਂਦੇ ਤੇ ਪਰੋਪਕਾਰ ਵਿਚ ਮੱਤੇ ਹੋਏ ਸੀ, ਪਰ ਅਨਿਆਈਂ ਜਰਵਾਣੇ ਵਿੱਤੋਂ ਵਧ ਕੇ ਏਸ ਧਰਮ ਪੁੰਜ ਪੰਥ ਦੇ ਖੂਨੀਂ ਵੈਰੀ ਬਣੇ ਹੋਏ ਆਪਣੇ ਪਾਪੀ ਮਨ ਤੇ ਨੀਚ ਅਪ ਕਰਮਾਂ ਦਾ ਹਰ ਪਾਸਿਓਂ ਸਬੂਤ ਦੇਂਦੇ ਰਹੇ। ਕਿਸੇ ਖਾਸ ਦਾ ਦ੍ਰੋਹੀ ਯਾ ਦ੍ਵੈਸ਼ੀ ਸਮਝਣਾ ਕੇਹਾ ਅਨਰਥ ਕਰਨਾ ਤੇ ਭੁੱਲ ਵਿਚ ਭਟਕਣਾ ਹੈ।