ਪੱਟੀ ਠਾਣੇਦਾਰ ਕੋਲ ਫਰਯਾਦੀ ਆਯਾ।
ਸਿੱਖਾਂ ਮੇਰਾ ਜੱਵ੍ਹਾ ਹੈ ਸਭ ਮੱਠਾ ਪਾਯਾ।
ਠਾਣੇਦਾਰ ਚੜ੍ਹਾਇ ਕੇ ਹੁਣ ਨਾਲ ਲਿਆਯਾ।
ਭਾਈ ਤਾਰਾ ਸਿੰਘ ਨੂੰ ਆ ਕੇ ਧਮਕਾਯਾ।
ਅੱਗੋਂ ਭਾਈ ਬੋਲਿਆ, "ਸੁਣ ਮੇਰੇ ਭਾਈ।
ਏਥੇ ਤੇਰਾ ਚੋਰ ਤਾਂ ਨਹਿ ਬੈਠਾ ਕਾਈ।
ਅੱਗੋਂ ਠਾਣੇਦਾਰ ਨੇ ਚਾ ਗੱਲ ਵਧਾਈ।
ਹੁੰਦੇ ਹੁੰਦੇ ਅੰਤ ਨੂੰ ਹੋ ਪਈ ਲੜਾਈ।
ਤੇਗਾਂ ਧੂਹ ਕੇ ਖਾਲਸੇ ਨੇ ਹੱਥ ਵਿਖਾਇਆ।
ਠਾਣੇਦਾਰ ਸਿਪਾਹੀਆਂ ਸਣ ਥੈਂਹ ਮਰਵਾਇਆ।
ਸਾਹਿਬਰਾਇ ਭੀ ਮਾਰ ਖਾ ਮੁੜ ਘਰ ਨੂੰ ਆਇਆ।
ਮਿਰਜ਼ੇ ਜਾਫਰ ਬੇਗ ਨੂੰ ਜਾ ਲੰਬੂ ਲਾਇਆ।
ਲਾਲਾ ਸਾਹਿਬਰਾਇ ਚੌਧਰੀ ਨੇ ਪੱਟੀ ਹਾਕਮ ਨੂੰ ਚੜ੍ਹਾ ਲਿਆਂਦਾ।
ਮਿਰਜ਼ਾ ਪੱਟੀ ਵਿਚ ਸੀ ਸਰਦਾਰ ਉਚੇਰਾ।
ਮਰਨਾ ਠਾਣੇਦਾਰ ਦਾ ਸੁਣ ਸੜੇ ਵਧੇਰਾ।
ਗੁੱਸਾ ਖਾ ਕੇ ਉੱਠਿਆ ਬਹੁ ਕਰ ਕੇ ਜੇਰਾ।
ਦੋ ਸੌ ਨਾਲ ਜੁਆਨ ਲੈ ਜਾ ਪਾਯਾ ਘੇਰਾ।
ਗਿਣਤੀ ਦੇ ਸਨ ਸੂਰਮੇ ਵਿਚ ਬੈਠੇ ਵਾੜੀ।
ਸ਼ੇਰਾਂ ਵਾਂਗਰ ਉੱਠ ਕੇ ਸਭ ਪੜਤਲ ਪਾੜੀ।
ਮਿਰਜ਼ੇ ਦੀ ਭੀ ਖਾਲਸੇ ਗਪ ਹੱਛੀ ਝਾੜੀ।
ਫੱਟੜ ਹੋਇਆ ਨੱਸ ਕੇ ਜਾ ਲੁਕਿਆ ਮਾੜੀ।
ਚਿੱਠੀ ਲਿਖੀ ਲਾਹੌਰ ਨੂੰ ਸੁਣ ਖਾਨ ਬਹਾਦਰ।
ਜਿੱਤੇ ਸਿੱਖਾਂ ਮੁਸਲਮਾਨ ਹਨ ਮੂਲੀ ਗਾਜਰ।
ਤੈਨੂੰ ਏਥੇ ਘੱਲਿਆ ਕਰ ਸੂਬਾ ਕਾਦਰ।
ਮਾਝਾ ਸੂਤ ਬਹਾਲ ਦੇ ਜੇ ਜਣਿਆ ਮਾਦਰ।
ਖਾਨ ਬਹਾਦਰ ਜ਼ਕਰੀਆ ਹੋਯਾ ਹਲਕਾਯਾ।
ਪਿਉ ਨੂੰ ਲਾਹ ਕੇ ਗੱਦੀਓਂ ਬਣ ਸੂਬਾ ਆਯਾ।
ਸੁਣ ਕੇ ਚਿੱਠੀ ਬੇਗ ਦੀ ਡਾਢਾ ਖੁਣਸਾਯਾ।
ਸਿੱਖ ਮੁਕਾਊਂ ਦੇਸ਼ ਦੇ ਜੇ ਰੱਬ ਕਰਾਯਾ।