ਮੋਮਨ ਖਾਂ ਨੂੰ ਤੋਰਦਾ ਕਰ ਪੰਜ ਹਜ਼ਾਰੀ।
ਨਾਲ ਰਲਾਯਾ ਤੱਕੀ ਖਾਂ ਦੇ ਸੂਬੇਦਾਰੀ।
ਬਾਈ ਸੌ ਘੁੜ ਚੜ੍ਹੇ ਦੀ ਦਿੱਤੀ ਸਰਦਾਰੀ।
ਗਾਰਤ ਕਰੋ ਪੰਜਾਬ ਦੀ ਜਾ ਸਿੱਖੀ ਸਾਰੀ।
ਲੱਤ ਰਕਾਬੇ ਰੱਖਦਾ ਮੋਮਨ ਖਾਂ ਆਯਾ।
ਸੱਦੇ ਜੱਟ ਘਵਿੰਡ ਦੇ ਡਲ੍ਹਵਾਂ ਪਹੁੰਚਾਯਾ।
ਵਾੜੇ ਲਾਗੇ ਪਹੁੰਚ ਕੇ ਧੌਂਸਾ ਖੜਕਾਯਾ।
ਘੋੜੇ 'ਤੇ ਚੜ੍ਹ ਤੱਕੀਖਾਨ ਨੇ ਪੱਰ੍ਹਾ ਜਮਾਯਾ।
ਸਿੰਘੋ ! ਹੋਣ ਸ਼ਹੀਦ ਨੂੰ ਕਰ ਲਓ ਤਿਆਰਾ
ਭਾਈ ਤਾਰਾ ਸਿੰਘ ਭੀ ਕਰ ਲਈ ਤਿਆਰੀ।
ਠਾਰਾਂ ਉਨੀ ਸੂਰਮੇ ਸਨ ਪੂੰਜੀ ਸਾਰੀ।
ਸਣ-ਕੇਸੀਂ ਇਸ਼ਨਾਨ ਕਰ ਪੋਸ਼ਾਕ ਸਵਾਰੀ।
ਬੈਠੇ ਤੀਰ ਤੁਫੰਗ ਲੈ ਨੇਜ਼ਾ ਤਲਵਾਰੀ।
ਧੌਸਾਂ ਸੁਣ ਕੇ ਗੱਜਿਆ ਤਾਰਾ ਸਿੰਘ ਪਯਾਰਾ।
ਸਿੰਘੋ ! ਹੋਣ ਸ਼ਹੀਦ ਨੂੰ ਕਰ ਲਓ ਤਿਆਰਾ।
ਧਰਮ ਜੁੱਧ ਵਿਚ ਵਰਤਣਾ ਅੱਜ ਘੱਲੂਘਾਰਾ।
"ਜਿਨ੍ਹਾਂ ਪਿੱਛੋਂ ਭੱਜਣਾ ਹੁਣ ਦਿਉ ਨ ਲਾਰਾ।
ਸਿਰ ਜਿਸ ਨੇ ਵਢਵਾਉਣਾ ਉਹ ਅੱਗੇ ਆਵੇ।
ਮਰਨੋਂ ਜੇਹੜਾ ਝੱਕਦਾ ਉਹ ਘਰ ਨੂੰ ਜਾਵੇ।
ਮੁੜਨਾ ਦੁਸ਼ਮਣ ਮਾਰ ਕੇ ਨਹਿਂ ਸੀਸ ਕਟਾਵੇ
ਲੈਂਦਾ ਕਲਗੀ ਵਾਲੜਾ ਸਾਡੇ ਪਰਤਾਵੇ"।
ਇੱਕੀ ਸਿੰਘਾਂ ਦਾ ਤਿੰਨ ਹਜ਼ਾਰ ਨਾਲ ਟਾਕਰਾ
ਬੁੱਕੇ ਸ਼ੇਰ ਅਕਾਲ ਦੇ ਪੀ ਅੰਮ੍ਰਿਤ ਛੰਨੇ,
ਜਿੰਦ ਅਰਦਾਸੇ ਸੋਧ ਕੇ ਹੁਣ ਨਿਕਲੇ ਬੰਨੇ।
ਹੰਨਾ ਤਿੰਨ ਹਜ਼ਾਰ ਸੀ ਤੁਰਕਾਂ ਦੀ ਵੰਨੇ।
ਇੱਕੀ ਜਿੰਦੂ ਖਾਲਸਾ ਹੁਣ ਕੇਹੜਾ ਮੰਨੇ।
ਸਿੰਘ ਬੁਲਾਕਾ ਸਾਂਘਣਾ ਵਧ ਅੱਗੇ ਆਇਆ।
ਤੀਰਾਂ ਮੀਂਹ ਵਸਾਇ ਕੇ ਚਾ ਭੌਜਲ ਪਾਇਆ।
ਪਿੱਛੋਂ ਖੰਡਾ ਵਾਹ ਕੇ ਇਕ ਰੇੜ੍ਹ ਚਲਾਇਆ।
ਹੋ ਕੇ ਤੀਰਾਂ ਛਾਨਣੀ ਗੁਰ ਧਾਮ ਸਿਧਾਇਆ।