ਦਸਤਾ ਲੈ ਕੇ ਤੱਕੀ ਖਾਨ ਹੁਣ ਕਰੀ ਚੜ੍ਹਾਈ।
ਮੱਥੇ ਲੱਗਾ ਜਾਂਦਿਆਂ ਤਾਰਾ ਸਿੰਘ ਭਾਈ।
ਮੂੰਹ 'ਤੇ ਨੇਜ਼ਾ ਮਾਰ ਕੇ ਉਨ ਸੁਰਤ ਭੁਲਾਈ।
ਮੁੜਿਆ ਪਾਨ ਚਬਾਂਵਦਾ ਸਣ ਦਸਤੇ ਪਾਈ।
ਤੀਜਾ ਚੇਲਾ ਨਿਕਲਿਆ ਹਾਥੀ 'ਤੇ ਚੜ੍ਹ ਕੇ।
ਭੀਮ ਸਿੰਘ ਹਾਥੀ ਖਲ੍ਹਾਰਿਆ ਕੰਨੋਂ ਫੜਕੇ।
ਚੜ੍ਹਿਆ ਸਣ ਲਖਮੀਰ ਸਿੰਘ ਤਲਵਾਰੀਂ ਲੜਕੇ।
ਚੇਲੇ ਦਾ ਸਿਰ ਵੱਢਿਆ ਹੌਦੇ ਵਿਚ ਵੜ ਕੇ।
ਤੁਰਕਾਂ ਹੱਲਾ ਬੋਲਿਆ ਹੁਣ ਕਰਕੇ ਜੱਥਾ।
ਤੀਰਾਂ ਮੀਂਹ ਦੁਪਾਸਿਓਂ ਘਟ ਬੰਨ੍ਹੀ ਲੱਥਾ।
ਵੇਹਲਾ ਹੋਯਾ ਖਾਲਸੇ ਦਾ ਤੀਰਾਂ ਭੱਥਾ।
ਫੜ ਤਲਵਾਰਾਂ ਸਾਹਮਣੇ ਹੁਣ ਧਰਦੇ ਮੱਥਾ।
ਵੜਕੇ ਕਰਦੇ ਲਾਵੀਆਂ ਸੂਰੇ ਰਣ ਤੱਤੇ।
ਸ਼ੇਰਾਂ ਵਾਂਗਰ ਗੱਜਦੇ ਵਿਚ ਰੋਹ ਦੇ ਮੱਤੇ।
ਗਾਜਰ ਖੇਤ ਮੁਕਾਂਵਦੇ ਤੁਰਕਾਣੀ ਖੱਤੇ।
ਹੋਲੀ ਖੇਡਣ ਪ੍ਰੇਮ ਦੀ ਵਿਚ ਲੋਹੂ ਰੱਤੇ।
ਇਕ ਇਕ ਸੌ ਸੌ ਮਾਰ ਕੇ ਪਾ ਗਏ ਸ਼ਹੀਦੀ।
ਪੈਰ ਨ ਪਿੱਛੇ ਸੁਟਿਆ ਹੋ ਕਾਇਰ ਗੀਦੀ।
ਜਿੰਦਾਂ ਨਾਲ ਨਿਭਾ ਗਏ ਸੱਚ ਪੀਰ ਮੁਰੀਦੀ।
ਜਾ ਪਹੁੰਚੇ ਗੁਰ ਧਾਮ ਵਿਚ ਪਾ ਹੁਕਮ ਤਕੀਦੀ।
ਤੁਰਕਾਂ ਧੌਣਾਂ ਵੱਢੀਆਂ ਸਿਰ ਨਾਲ ਚੁਕਾਏ।
ਮਾਰ ਦਮਾਮੇ ਖੁਸ਼ੀ ਦੇ ਲਾਹੌਰੇ ਆਏ।
ਦੋਹਾਂ ਜੱਟਾਂ ਜੋੜ ਕੇ ਚਾ ਲੰਬੂ ਲਾਏ।
ਵਲਗਣ ਕੀਤੀ ਜਿਸ ਜਗ੍ਹਾ ਏ ਸ਼ੇਰ ਸਮਾਏ।
ਵਾਈਆਂ ਵਿਚ ਸ਼ਹੀਦ ਗੰਜ ਹੈ ਬਣਿਆ ਭਾਰਾ।
ਜੂਝਿਆ ਖਾਤਰ ਧਰਮ ਦੀ ਤਾਰਾ ਸਿੰਘ ਪਯਾਰਾ।
ਖਲਕਤ ਕਰਦੀ ਯਾਦ ਹੈ ਉਸ ਦਾ ਬਲਕਾਰਾ।
ਰਹਿੰਦੀ ਦੁਨੀਆਂ ਤੀਕ ਉਹ ਚਮਕੇਗਾ ਤਾਰਾ।