ਦੋਹਿਰਾ॥
ਸਤ੍ਰਾਂ ਸੌ ਉਣਾਨਵੇਂ ਮਾਘ ਵਦੀ ਤਿਥ ਚਾਰ।
ਧਰਮ ਸ਼ਹੀਦੀ ਪਾ ਗਏ ਸੂਰੇ ਤੇਗਾਂ ਮਾਰ।
ਧਰਮ, ਸ਼ਾਂਤਿ, ਵਿਸ੍ਵਾਸ ਦ੍ਰਿੜ੍ਹ, ਅਰ ਕਸ਼ਟਾਂ ਵਿਚ ਧੀਰ।
ਪੰਜ ਵਸਨ ਜਿਸ ਮਨ ਵਿਖੇ, ਸੋਈ ਕਹਾਵੇ ਬੀਰ।
ਸਿੰਘਣੀਆਂ ਦੇ ਸਿਦਕ
ਸਾਰੇ ਸੰਸਾਰ ਦੀ ਤਵਾਰੀਖ ਵਿਚ ਅਤਿ ਕਰੜੇ
ਤਸੀਹੇ ਤੇ ਜ਼ੁਲਮ ਵਿਚ ਅਚੱਲ ਸਿਦਕੀ ਹੌਸਲੇ
ਮੀਰ ਮੰਨੂ ਦੀ ਸੁਣਿਓ ਕਹਾਣੀ।
ਜਿਸ ਨੇ ਠਾਣੀ ਸੀ ਸਿੱਖੀ ਮੁਕਾਣੀ।
ਰਾਤ ਦਿਨ ਲੱਗ ਰਹੀ ਏਹ ਲਗਨ ਸੀ।
ਪਾਪ ਕਰਮਾਂ ਦੇ ਮਦ ਵਿਚ ਮਗਨ ਸੀ।
ਸਿੱਖ ਜਿੱਥੇ ਕਿਤੇ ਸੁਣ ਲਏ ਉਹ।
ਵਾਂਗ ਰਾਖਸ ਸਿਰੇ ਜਾ ਪਏ ਉਹ।
ਪੰਥ ਇਸ ਦੇ ਜ਼ੁਲਮ ਦਾ ਸਤਾਇਆ।
ਦੇਸ਼ ਵਿਚੋਂ ਨਿਕਲ ਕੇ ਸਿਧਾਇਆ।
ਜੰਗਲਾਂ ਬੇਲਿਆਂ ਵਿਚ ਦਿਹੁਂ ਗੁਜ਼ਾਰੇ।
ਛੋੜ ਕੇ ਚੈਨ ਸੁਖ ਭੋਗ ਸਾਰੇ।
ਖਾ ਕੇ ਪੱਤਾਂ ਨੂੰ ਗੁਜ਼ਰਾਨ ਕਰਦਾ।
ਕਸ਼ਟ ਸਿਰ ਪਰ ਉਜਾੜਾਂ ਦੇ ਜਰਦਾ।
ਪਰ ਇਹ ਮੰਨੂ ਅਜੇ ਮੰਨਿਆ ਨਾ।
ਕੱਢ ਦੇਸੋਂ ਭੀ ਪਰ ਮੰਨਿਆ ਨਾ।
ਮੰਨੂ ਦੇ ਕਹਿਰ ਭਰੇ ਹੁਕਮ
ਸਭ ਜਗ੍ਹਾ ਹੁਕਮ ਕੀਤੇ ਨੇ ਜਾਰੀ।
ਕੌਮ ਜਿੰਦੋਂ ਮੁਕਾਣੀ ਹੈ ਸਾਰੀ।
ਜਿੱਥੇ ਲੱਭਣ ਕੋਈ ਕੇਸ ਵਾਲੇ।
ਫੜ ਕੇ ਕਰਨਾ ਅਸਾਡੇ ਹਵਾਲੇ।