ਇਸ ਤਰ੍ਹਾਂ ਓਸ ਨੇ ਅੱਤ ਚਾਈ।
ਫਿਰ ਰਹੀ ਦੇਸ਼ ਵਿਚ ਸੀ ਦੁਹਾਈ।
ਇਕ ਦਿਨ ਫੜਨ ਹਿਤ ਸ਼ੇਰ ਪਿਆਰੇ।
ਫਿਰ ਰਿਹਾ ਸੀ ਏ ਜੰਗਲ ਮਝਾਰੇ।
ਸੂਰਮੇ ਸਿੰਘ ਐ ਪਰ ਨਾ ਲੱਭੇ।
ਜਾ ਵੜੇ ਸੀ ਉਹ ਬੇਲੇ ਦੇ ਗੱਭੇ।
ਇਕ ਟੋਲੀ ਮਿਲੀ ਸਿੰਘਣੀਆਂ ਦੀ।
ਤ੍ਰੈ ਕੁ ਸੌ ਤਕ ਗਿਣਤੀ ਸੀ ਜਿਨ੍ਹਾਂ ਦੀ।
ਕੋਈ ਬਿਰਧਾਂ ਤੇ ਕੋਈ ਜੁਆਨਾਂ।
ਕੋਈ ਅਧਖੜ ਤੇ ਕੋਈ ਨਦਾਨਾਂ।
ਕੋਈ ਏਕਾਂਤ ਜੀਵਨ ਬਿਤਾਵਨ।
ਕੋਈ ਲਾਲਾਂ ਨੂੰ ਗੋਦੀ ਖਿਡਾਵਨ।
ਇਸ ਬਿਦਰਦੀ ਦੇ ਪੁਤਲੇ ਨੇ ਆ ਕੇ।
ਫੜ ਲਿਆ ਸਭਸ ਨੂੰ ਘੇਰਾ ਪਾ ਕੇ।
ਕੋਈ ਤੀਵੀਂ 'ਤੇ ਹਮਲਾ ਕਰੇ ਨਾ।
ਪਰ ਇਹ ਪਾਪੀ ਕੁਸੱਤ ਤੋਂ ਡਰੇ ਨਾ।
ਕੈਦ ਕਰਕੇ ਸ਼ਹਿਰ ਨੂੰ ਘਲਾਇਆ।
ਦੁੱਖ ਪੁਚਾਵਣ ਦਾ ਮਸਲਾ ਪਕਾਇਆ।
ਹਾਇ! ਦੇਖੋ ਜ਼ਰਾ ਝਾਤ ਪਾ ਕੇ।
ਕੈਦਖਾਨੇ ਦੇ ਵਲ ਰੰਚ ਆ ਕੇ।
ਕਈ ਦਿਨ ਹੋ ਗਏ ਭੁਖੀਆਂ ਨੂੰ।
ਕੋਈ ਪੁੱਛੇ ਨਹੀਂ ਦੁਖੀਆਂ ਨੂੰ।
ਇਕ-ਇਕ ਸਿੰਘਣੀ ਨੂੰ ਅੱਠੀਂ ਪਹਿਰੀਂ ਇਕ-ਇਕ ਰੋਟੀ ਦੇਵੋ
ਅੱਠੀਂ ਪਹਿਰੀਂ ਮਿਲੇ ਇਕ ਚਪਾਤੀ।
ਸੁੱਕ ਗਈ ਦੁੱਧ ਦੇਣੋਂ ਵੀ ਛਾਤੀ।
ਵਿਲ੍ਹਕਦੇ ਹਨ ਸਜਾਏ ਅਞਾਣੇ।
ਭੁੱਖ ਦੇ ਦੁੱਖ ਕੀਤੇ ਰੰਞਾਣੇ।
ਆਪ ਮਰ ਮਰ ਕੇ ਜੀਵਨ ਬਿਤਾਵਨ।
ਬਾਲ ਕਿੱਥੋਂ ਪਰੰਤੂ ਰਜਾਵਨ।