ਦੁੱਖ ਅੰਸ਼ਾਂ ਦਾ ਡਿੱਠਾ ਨਾ ਜਾਵੇ।
ਵੇਖ ਰੋਂਦੇ ਕਲੇਜਾ ਮੂੰਹ ਆਵੇ।
ਫੇਰ ਭੀ ਧੀਰ ਅਰ ਧਰਮ ਪਿਆਰਾ।
ਦੇਈ ਜਾਂਦੇ ਨੇ ਮਨ ਨੂੰ ਸਹਾਰਾ।
ਵਾਹਗੁਰੂ ਹੈ ਇਨ੍ਹਾਂ ਦਾ ਸਹਾਈ।
ਕਸ਼ਟ ਦੇਵੇਗਾ ਆਪੇ ਹਟਾਈ।
ਕਈ ਦਿਨ ਕਸ਼ਟ ਮਿਲਦੇ ਨੂੰ ਬੀਤੇ।
ਬਾਲ ਭੁੱਖਾਂ ਨੇ ਬਿਮਾਰ ਕੀਤੇ।
ਮੀਰ ਮੰਨੂ ਭੀ ਇਤਨੇ ਨੂੰ ਆਇਆ।
ਪਹਿਰੇਦਾਰਾਂ ਨੂੰ ਆਡਰ ਚੜ੍ਹਾਇਆ।
ਪਾਪੀ ਜਰਵਾਣੇ ਦੇ ਲਾਲਚ ਤੇ ਤਸੀਹੇ
ਜਾਲ ਪਾਪਾਂ ਦਾ ਜਾ ਕੇ ਵਿਛਾਓ।
ਧਰਮ ਤੋਂ ਸਿੰਘਣੀਆਂ ਨੂੰ ਗਿਰਾਓ।
ਆਖੋ ਰੋਟੀ ਮਿਲੇਗੀ ਬਥੇਰੀ।
ਗੱਲ ਮੰਨੋ ਜਦੋਂ ਇਕ ਮੇਰੀ।
ਦੀਨ ਸਾਡੇ ਦੀ ਆ ਸ਼ਰਨ ਲਾਗੋ।
ਸਿੱਖ ਵਿਸ਼੍ਵਾਸ ਮਨ ਤੋਂ ਤਿਆਗੋ।
ਕਾਫਰਾਂ ਦੀ ਲਗਨ ਛੋੜ ਦੇਵੋ।
ਸਾਕ ਨਾਤਾ ਉਧਰ ਤੋੜ ਦੇਵੋ।
ਮੁਸਲਮਾਨ ਹੋ ਕੇ ਜੀਵਨ ਗੁਜ਼ਾਰੋ।
ਭਾਰ ਸਿੱਖੀ ਦਾ ਸਿਰ ਤੋਂ ਉਤਾਰੋ।
ਐਸ਼ ਇਸ਼ਰਤ ਮੁਹੱਯਾ ਕਰਾਂਗਾ।
ਘਰ ਤੁਹਾਡੇ ਖੁਸ਼ੀ ਦੇ ਭਰਾਂਗਾ।
ਮਾਲ ਦੌਲਤ ਮਹਿਲ ਦਾ ਵਸੇਰਾ।
ਪਹਿਨਣੇ ਨੂੰ ਚੰਗੇਰਾ ਬਥੇਰਾ।
ਅਹਿਲਕਾਰਾਂ ਦੇ ਘਰ ਪਾ ਦਿਆਂਗਾ।
ਰੰਗ ਐਸ਼ਾਂ ਦਾ ਇਕ ਲਾ ਦਿਆਂਗਾ।
ਜੇ ਨਾ ਮੰਨੋਗੀਆਂ ਹੁਕਮ ਮੇਰਾ।
ਕਸ਼ਟ ਇਸ ਤੋਂ ਭੀ ਮਿਲਸੀ ਵਧੇਰਾ।