ਬਾਲ ਤੜਫਦੇ ਪਰ "ਪੀਹਣ" ਮੁਕਾ ਦਿੱਤੇ
ਨੀਚ ਮੰਨੂ ਨੂੰ ਜਦ ਜ੍ਵਾਬ ਆਯਾ।
ਕ੍ਰੋਧ ਨੇ ਆਣ ਮਨ ਨੂੰ ਫਿਟਾਯਾ।
"ਕਹਿੰਦਾ ਭਾਰੇ ਤਸੀਹੇ ਪੁਚਾਓ।
ਧਰਮ ਤਯਾਗਨ ਲਈ ਜ਼ੋਰ ਲਾਓ।
ਤੰਗ ਹੱਛੀ ਤਰ੍ਹਾਂ ਜਾ ਕਰੋ ਨੇ।
"ਪੀਹਣ" ਸਭ ਨੂੰ ‘ਸਵਾ ਮਣ” ਦਿਓ ਨੇ।
ਪੀਹ ਕੇ ਦੇਵੇ ‘ਸਵਾ ਮਣ” ਜੋ ਦਾਣੇ।
ਇਕ ਰੋਟੀ ਦਿਓ ਹੇਤ ਖਾਣੇ।
ਜੋ ਨਾ ਪੀਹੇ ਚਪਾਤੀ ਦਿਓ ਨਾ।
ਤਰਸ ਰਤੀ ਕਿਸੇ 'ਤੇ ਕਰੋ ਨਾ"।
ਤੇਰੇ ਕੁਕਰਮ ਉਥੇ ਮੁਕਾਲਾ ਕਰਨਗੇ
ਹਾਇ ਪਾਪੀ ਤੇਰਾ ਕੀ ਬਣੇਗਾ।
ਠਾਠ ਤੇਰਾ ਇਹ ਕਦ ਤਕ ਠਣੇਗਾ?
ਅੰਤ ਤੂੰ ਭੀ ਹੈ ਓਥੇ ਹੀ ਜਾਣਾ।
ਜਿਥੇ ਸਮਝੇ ਨ ਕੋ ਰਾਜਾ ਰਾਣਾ।
ਸਭ ਦੇ ਲੇਖੇ ਗਿਣੇ ਜਾਂਵਦੇ ਹਨ।
ਆਪਣੇ ਕੀਤੇ ਦਾ ਫਲ ਪਾਂਵਦੇ ਹਨ।
ਤੇਰੇ ਪਾਪਾਂ ਕੁਕਰਮਾਂ ਦਾ ਚਾਲਾ।
ਓਥੇ ਕਰਸੀ ਪਕੜ ਕੇ ਮੁਕਾਲਾ,
ਇਹ ਅਞਾਣੇ ਜਾ ਪੱਲਾ ਫੜਨਗੇ।
ਜਿੰਦ ਤੇਰੀ ਨੂੰ ਨਰਕੀਂ ਕੜਨਗੇ।
ਦੇਖ ਅਬਲਾਂ ਕਿਵੇਂ ਦੁਖੀਆਂ ਨੇ।
ਅੰਨ ਪੀਠਾ ਕਿਵੇਂ ਭੁੱਖੀਆਂ ਨੇ।
ਬਾਲ ਤੜਫਨ ਭੁੱਖਾਂ ਦੇ ਸਤਾਏ।
‘ਪੀਹਣ' ਉਹਨਾਂ ਦੀ ਖਾਤਰ ਮੁਕਾਏ।
ਤੈਨੂੰ ਪਰ ਤਰਸ ਰੱਤੀ ਨ ਆਵੇ।
ਜਾਨ ਉਹਨਾਂ ਦੀ ਜਦ ਤਿਲਮਲਾਵੇ।
ਦਿਨ ਤੜਫ ਕੇ ਲੰਘਾਵਨ ਵਿਚਾਰੇ।
ਰਾਤ ਰੋਵਨ ਮੁਸੀਬਤ ਦੇ ਮਾਰੇ।