ਧਰਮ ਰਹਿਆ ਤਾਂ ਸਭ ਕੁਝ ਰਹੇਗਾ।
ਤਨ ਅਨਿਸਥਰ ਏ ਚੋਟਾਂ ਸਹੇਗਾ।
ਆਤਮਾ ਤਾਂ ਸਦਾ ਹੀ ਸੁਖੀ ਹੈ।
ਕਰ ਨ ਸਕਦਾ ਕੋਈ ਭੀ ਦੁਖੀ ਹੈ।
ਤੇਰੇ ਜ਼ੁਲਮਾਂ ਤੇ ਕਹਿਰਾਂ ਦੇ ਕਾਰੇ।
ਡਿਠੇ ਹੋਏ ਅਸਾਂ ਹਨ ਨੇ ਸਾਰੇ।
ਸਾਡੇ ਵੀਰਾਂ ਨੂੰ ਦੁੱਖ ਜੋ ਪੁਚਾਏ।
ਸਾਡੇ ਦਿਲ ਨੇ ਨਹੀਂ ਹਨ ਭੁਲਾਏ।
ਵੀਰ ਸਾਡੇ ਅਨੇਕਾਂ ਸਿਧਾਰੇ।
ਧਰਮ ਪਰ ਪ੍ਰਾਣ ਹੱਸ ਹੱਸ ਕੇ ਵਾਰੇ।
ਅੱਜ ਸਾਡੀ ਵਾਰੀ ਹੈ ਤੇ ਅਸੀਂ ਤਿਆਰ ਹਾਂ
“ਅੱਜ ਸਾਡੀ ਭੀ ਆਈ ਹੈ ਵਾਰੀ।
ਵਾਰਨੀ ਹੈ ਅਸਾਂ ਜਾਨ ਪਿਆਰੀ।
ਤੈਂ ਕੁਸੱਤੀ ਤੋਂ ਕਰੁਣਾ ਦੀ ਆਸਾ।
ਰੱਖੀ ਹੋਈ ਨ ਜੀ ਵਿਚ ਹੈ ਮਾਸਾ।
ਵੀਰ ਸਾਡੇ ਜਿਵੇਂ ਤੁਰ ਗਏ ਹਨ।
ਲੱਕ ਤਿਉਂ ਹੀ ਅਸਾਂ ਬੰਨ੍ਹ ਲਏ ਹਨ।
ਧਰਮ ਉੱਤੋਂ ਬਲੀ ਹੋ ਹੈ ਜਾਣਾ।
ਸੀਸ ਦੇ ਦੇ ਧਰਮ ਹੈ ਬਚਾਣਾ।
ਸੋ ਤੂੰ ਕਰ ਲੈ ਜਿਹੜੀ ਵਾਹ ਚੱਲੇ।
ਪਾਪ ਅਪ-ਕਰਮ ਜੋ ਕੁਝ ਹੈ ਪੱਲੇ।
ਧਰਮ ਸਾਡਾ ਸਦਾ ਥਿਰ ਰਹੇਗਾ।
ਪ੍ਰੇਮ ਦੀ ਸਾਂਟ ਸਿਰ ਪਰ ਸਹੇਗਾ"।
ਘੋਰ ਅਨੀਤਿ ਤੇ ਜ਼ੁਲਮੀ ਤਦਬੀਰ
ਬੋਲ ਧਰਮੀ ਹਿਰਦੇ ਦੇ ਕਰਾਰੇ।
ਮੀਰ ਮੰਨੂ ਦੇ ਮਾਪੇ ਹੀ ਮਾਰੇ।
ਸਿਰ ਧੁਨੇ ਅਰ ਕਹੇ "ਯਾ ਖੁਦਾਯਾ।
ਦਿਲ ਕਿਹਾ ਸਖਤ ਸਿੱਖਾਂ ਨੇ ਪਾਇਆ।
ਮੈਂ ਸਤਾਵਾਂ ਤੇ ਨਹੀਂ ਡੋਲਦੇ ਇਹ।
ਡਾਢੇ ਉੱਚੇ ਸਗੋਂ ਬੋਲਦੇ ਇਹ।”