ਹੱਛਾ ਇਕ ਹੋਰ ਤਦਬੀਰ ਕਰੀਏ।
ਜੋ ਨ ਹੋਈ ਕਦਾਈਂ ਸੋ ਕਰੀਏ।
ਲਾਲ ਮਾਸੂਮ ਗੋਦੀ ਖਿਡਾਏ।
ਨੇਤਰ ਜ੍ਯੋਤੀ ਸਜਾਏ ਸਜਾਏ।
ਗੋਦੀਆਂ ਤੋਂ ਖੁਹਾ ਕੇ ਮੰਗਾਵਾਂ।
ਸਾਹਮਣੇ ਇਹਨਾਂ ਦੇ ਜਾ ਕੁਹਾਵਾਂ।
ਫੇਰ ਧੀਰਜ ਹਰੇਗੀ ਨੇ ਆਪੇ।
ਬਾਲ ਮਰਦੇ ਜਦੋਂ ਪਾਸ ਜਾਪੇ।
ਬੇਦੋਸ਼ੇ ਮਸੂਮਾਂ ਦਾ ਕੋਹਯਾ ਜਾਣਾ
ਹਾਇ ਪਾਪੀ ਏ ਪਾਪੋਂ ਨ ਡਰਦਾ।
ਵੇਖਣਾ ਕੀ ਹੈ? ਅਨਯਾਇ ਕਰਦਾ।
ਜੀਭ ਮੂੰਹ ਵਿਚ ਨਹੀਂ ਹੈ ਜਿਨ੍ਹਾਂ ਦੇ।
ਬਾਂਹ ਵਿਚ ਬਲ ਨਹੀਂ ਹੈ ਜਿਨ੍ਹਾਂ ਦੇ।
ਕੁਝ ਨ ਕੀਤਾ ਜਗਤ ਤੇ ਹੈ ਆ ਕੇ।
ਰੰਗ ਡਿੱਠਾ ਨਾ ਅੱਖੀਂ ਉਠਾ ਕੇ।
ਪਾਪ ਅਰ ਪੁੰਨ ਜਾਨਣ ਨ ਦੋਵੇਂ।
ਨ ਖਬਰ ਕੀ ਜਗਤ ਵਿਚ ਹੋਵੇ।
ਦੇਵ ਜੀਵਨ ਤੇ ਮਨ ਨਿਰਵਿਕਾਰੀ।
ਇਕ ਜੈਸੀ ਲਗੇ ਸ੍ਰਿਸ਼ਟਿ ਸਾਰੀ।
ਈਰਖਾ ਦ੍ਰੈਸ਼ ਤੋਂ ਸੁੱਧ ਭੋਲੇ।
ਝੂਲਦੇ ਹਨ ਅਨੰਦੀ ਹੰਡੋਲੇ।
ਸਭ ਕੋਈ ਤਰਸ ਜਿਨ੍ਹਾਂ 'ਤੇ ਖਾਵੇ।
ਵੇਖ ਦੁਸ਼ਮਨ ਭੀ ਕੁੱਛੜ ਉਠਾਵੇ।
ਪਿਆਰ ਡਿੱਠੇ ਜਿਨ੍ਹਾਂ ਦੇ ਫੁਟਾਵੇ।
ਮੋਹ ਮਮਤਾ ਦੀ ਚਾਦਰ ਵਿਛਾਵੇ।
ਫਲ ਤੋੜੇ ਗਏ ਡਾੱਲੀਆਂ ਤੋਂ
ਉਹ ਸਜਾਏ ਮੰਗਾਏ ਨੇ ਜਾਂਦੇ।
ਮਾਵਾਂ ਪਾਸੋਂ ਖੁਹਾਏ ਨੇ ਜਾਂਦੇ।
ਫੜ ਕੇ ਤੋੜੇ ਗਏ ਡਾਲੀਆਂ ਤੋਂ।
ਬਾਗ਼ ਖੋਹੇ ਗਏ ਮਾਲੀਆਂ ਤੋਂ।