ਫੜ ਕੇ ਤਲਵਾਰ ਕਤਲਾਮ ਵਾਲੀ।
ਬੇ ਜ਼ਬਾਨਾਂ ਮਸੂਮਾਂ ਤੇ ਡਾਲੀ।
ਕੋਈ ਇਤਿਹਾਸ ਡਿੱਠਾ ਨਾ ਐਸਾ।
ਹੋਣ ਲਗਾ ਏ ਅਪਕਰਮ ਜੈਸਾ।
ਵਹਿਸ਼ੀ ਕੌਮਾਂ ਭੀ ਦਿਲ ਰਖਦੀਆਂ ਹਨ।
ਐਸਾ ਅਨਰਥ ਨਾ ਕਰ ਸਕਦੀਆਂ ਹਨ।
ਪਰ ਏ ਮੰਨੂ ਦਾ ਹੀ ਹੌਸਲਾ ਹੈ।
ਘੋਰ ਜੋ ਪਾਪ ਕਰਨੇ ਲਗਾ ਹੈ।
ਫੜ ਮਸੂਮਾਂ ਜਿੰਦਾ ਕੋਮਲਾਂ ਨੂੰ।
ਬੇਗੁਨਾਹਾਂ ਤੇ ਬੇਤਾਕਤਾਂ ਨੂੰ।
ਟੁਕੜੇ ਟੁਕੜੇ ਉਨ੍ਹਾਂ ਦੇ ਕਰਾਏ।
ਝੋਲੀ ਮਾਂਵਾਂ ਦੀ ਵਿੱਚ ਮੁੜ ਪੁਵਾਏ।
ਨਾਲ ਗਲ ਦੇ ਬੰਨ੍ਹਾਏ ਗਏ ਹਨ।
ਜ਼ਖਮ ਦਿਲ ਦੇ ਦੁਖਾਏ ਗਏ ਹਨ।
ਹਾਇ ਜ਼ੁਲਮੀ ਦਾ ਕੁਝ ਹੈ ਟਿਕਾਣਾ।
ਵਰਤਿਆ ਜਿਸ ਤਰ੍ਹਾਂ ਅੱਜ ਭਾਣਾ।
ਕਤਲ ਦਾ ਹੁਕਮ ਹੁਣ ਹੀ ਦਿਆਂਗਾ
ਜਿਨ੍ਹਾਂ ਮਾਵਾਂ ਦੇ ਬੱਚੇ ਕਟਾਏ।
ਦਿਲ ਉਨ੍ਹਾਂ ਦੇ ਇਹ ਦੁੱਖਦੇ ਦੁਖਾਏ।
ਉਨ੍ਹਾਂ ਦਰਦਾਂ ਦੀ ਉਹ ਸਾਰ ਜਾਣੇ।
ਘਰ ਜਿਦ੍ਹੇ ਹੋਣ ਆਪਣੇ ਅਞਾਣੇ।
ਮੀਰ ਮੰਨੂ ਏ ਦੁਖੜੇ ਪੁਚਾ ਕੇ।
ਆਪ ਸੁੱਤਾ ਚਪਰਖਟ ਵਿਛਾ ਕੇ।
ਅਗਲੇ ਦਿਨ ਸਾਂਗ ਉਹੋ ਰਚਾਇਆ।
ਚਾਹੁੰਦਾ ਦੀਨ ਦੇ ਵਿਚ ਰਲਾਇਆ।
ਨੰਗੀ ਤਲਵਾਰ ਵਾਲੇ ਸਿਪਾਹੀ।
ਲੈ ਕੇ ਆਯਾ ਕਰਨ ਨੂੰ ਤਬਾਹੀ।
“ਦੀਨ ਮੰਨੋ ਤਾਂ ਜੀਣਾ ਮਿਲੇਗਾ।
ਅੰਨ ਜਲ ਤਦ ਹੀ ਪੀਣਾ ਮਿਲੇਗਾ।