ਨਹੀਂ ਤਾਂ ਤਲਵਾਰ ਸਭ ਪਰ ਚਲੇਗੀ।
ਲੋਥ ਮਿੱਟੀ ਦੇ ਅੰਦਰ ਰਲੇਗੀ।
ਕਤਲ ਦਾ ਹੁਕਮ ਹੁਣ ਹੀ ਦਿਆਂਗਾ।
ਨਾਸ ਸਭ ਦਾ ਪਲਕ ਵਿਚ ਕਰਾਂਗਾ"।
ਅਸੀਂ ਧਰਮ 'ਤੇ ਮਰ ਚੁੱਕੀਆਂ ਹਾਂ ਪ੍ਰਾਣ ਸੰਕਲਪ ਕਰ ਚੁੱਕੀਆਂ ਹਾਂ
ਬੋਲ ਬੋਲੇ ਜਾਂ ਮੰਨੂ ਮੁਕਾਲੇ।
ਸਿੰਘਣੀਆਂ ਨੇ ਹਿਰਦੇ ਸਭ ਸੰਭਾਲੇ।
"ਕਹਿਣ ਪਾਪੀ ਕੀ ਹੁਣ ਚਾਹੁੰਦਾ ਹੈਂ?
ਮੁਰਦਿਆਂ ਨੂੰ ਕੀ ਮਰਵਾਉਂਦਾ ਹੈਂ?
ਲਾਲ ਸਾਡੇ ਤੂੰ ਮਿੱਟੀ ਮਿਲਾਏ।
ਜਿਉਂ ਉਹ ਆਏ ਤਿਵੇਂ ਹੀ ਸਿਧਾਏ।
ਫੁੱਲ ਖਿੜ ਕੇ ਨ ਗੰਧੀ ਖਿੰਡਾਈ।
ਸ਼ੋਭਾ ਆਪਣੀ ਨਾ ਰੱਤੀ ਦਿਖਾਈ।
ਹੱਛਾ ਹੋਇਆ ਜੋ ਹੋਣਾ ਸੀ ਭਾਣਾ।
ਮਨ ਤੇਰਾ ਪਰ ਅਜੇ ਨ ਮਨਾਣਾ।
ਅਸੀਂ ਧਰਮ 'ਤੇ ਮਰ ਚੁੱਕੀਆਂ ਹਾਂ।
ਪ੍ਰਾਣ ਸੰਕਲਪ ਕਰ ਚੁੱਕੀਆਂ ਹਾਂ”।
ਜਦ ਏ ਦ੍ਰਿੜ੍ਹ ਸੰਕਲਪ ਸਿੰਘਣੀਆਂ ਦਾ।
ਧਰਮ ਹਰ ਦਮ ਸਹਾਈ ਜਿਨ੍ਹਾਂ ਦਾ।
ਦੇਖਿਆ ਨੀਚ ਮੰਨੂ ਨੇ ਪੱਕਾ।
ਪੈ ਗਿਆ ਜੀਉ ਦੇ ਵਿਚ ਹਬਕਾ।
ਯਾ ਇਲਾਹੀ ਏ ਕਿਸ ਸ਼ੈ ਦੀਆਂ ਨੇ।
ਰੱਤੀ ਭਰ ਭੀ ਨਹੀਂ ਡਰਦੀਆਂ ਨੇ।
ਲੱਠ ਲੋਹੇ ਦੀ ਧੀਰਜ ਇਨ੍ਹਾਂ ਦੀ।
ਪੇਸ਼ ਕੁਝ ਭੀ ਨਹੀਂ ਮੇਰੀ ਜਾਂਦੀ।
ਹੱਛਾ ਕਲ ਫੇਰ ਅਜਮਾ ਲਵਾਂਗਾ।
ਹੋਰ ਡਰ ਖੌਫ ਦਿਖਲਾ ਲਵਾਂਗਾ।
ਪਰ ਏ ਮੂਰਖ ਨਹੀਂ ਜਾਣਦਾ ਹੈ।
ਕੁਦਰਤ ਨੂੰ ਨਾ ਪਹਿਚਾਣਦਾ ਹੈ।