ਦੋਹਿਰਾ॥
ਧਰਮ ਭਾਵ ਨਹਿ ਲੁਕ ਸਕੇ, ਯਦਿ ਹੋ ਕੋਮਲ ਗਾਤ।
ਹੋਣਹਾਰ ਬਿਰਵਾਨ ਕੇ, ਹੋਵਤ ਚਿਕਨੇ ਪਾਤ।
ਇਕ ਸਿੱਖ ਬੱਚੇ ਦੀ ਸ਼ਹਾਦਤ
ਸੱਚ ਦੇ ਬਦਲੇ ਜਾਨ ਦੇ ਦਿੱਤੀ
ਫਰੁੱਖਸੀਅਰ ਪਾਤਸ਼ਾਹ ਸੀ ਦਿੱਲੀ ਸੰਦਾ।
ਜਿਸ ਨੇ ਫੜ ਮਰਵਾਇਆ ਸੀ ਬਾਬਾ ਬੰਦਾ।
ਜ਼ੁਲਮ ਕਰਨ ਵਿਚ ਓਸ ਦਾ ਸੀ ਉੱਘਾ ਨਾਂਵਾਂ।
ਕਰ ਕਰ ਕਹਿਰ ਉਰੰਗਜ਼ੇਬ ਦਾ ਬਣਿਆ ਸਾਵਾਂ।
ਇਕ ਸਮੇਂ ਦੀ ਵਾਰਤਾ ਇਤਿਹਾਸਾਂ ਲਿਖੀ।
ਜਦ ਇਸ ਦੀ ਤਲਵਾਰ ਦੀ ਸੀ ਧਾਰ ਤਰੱਖੀ।
ਸਿੱਖਾਂ ਦੇ ਹੱਥ ਧੋਇ ਕੇ ਸੀ ਪਇਆ ਖੱਤੇ।
ਜਿੱਥੇ ਲੱਭੇ ਖਾਲਸਾ ਮਰਵਾ ਹੀ ਘੱਤੇ।
ਫੜ ਲੈ ਆਂਦਾ ਅਹਿਦੀਆਂ ਇਕ ਸਿੱਖੀ ਟੋਲਾ।
ਸਿਰੀਂ ਦੁਮਾਲੇ ਉੱਚੜੇ ਗਲ ਨੀਲਾ ਚੋਲਾ।
ਵੇਖ ਭਿਆਨਕ ਕੌਮ ਨੂੰ ਡਰ ਫਰੁੱਖ ਖਾਏ।
ਇਕ ਇਕ ਨੂੰ ਮਰਵਾਣ ਦਾ ਚਾ ਹੁਕਮ ਚੜ੍ਹਾਏ।
ਦੀਨ ਕਬੂਲੇ ਜੇਹੜਾ ਸੋ ਮਾਇਆ ਪਾਵੇ।
ਅੜੇ ਜੋ ਆਖੇ ਲੱਗਣੋਂ ਸੋ ਜਾਨੋਂ ਜਾਵੇ।
ਹੀਰੇ ਸ੍ਰੀ ਦਸਮੇਸ਼ ਦੇ ਹੁਣ ਪ੍ਰਾਣ ਘੁਮਾਂਦੇ।
ਧਰਮ ਤਿਆਗਣ ਵਾਲੜੇ ਪਰ ਰਾਹ ਨ ਜਾਂਦੇ।
ਨਵੇਂ ਸੂਰ ਇਕ ਸਿੱਖ ਨੂੰ ਲੈ ਆਣ ਕਸਾਈ।
ਸਿਰ ਧੌਣੋਂ ਕਰ ਵਖਰਾ ਵੰਡਣ ਮਠਿਆਈ।
ਕਾਫਰ ਮੂਜ਼ੀ ਮਰਦਿਆਂ ਏਹ ਮੰਨਣ ਮੇਲਾ।
ਜ਼ਾਲਮਾਂ ਦੇ ਹੱਥ ਆ ਗਿਆ ਇਹ ਸਮਾਂ ਸੁਹੇਲਾ।
ਇਕ ਸਿਦਕ ਭਰੇ ਬਾਲਕ ਦੀ ਵਾਰੀ
ਬਾਲਕ ਇਕ ਨਦਾਨ ਸੀ ਗੁਰੂ ਲਾਲ ਪਿਆਰਾ।
ਕਲਗੀਧਰ ਦਾ ਮੱਲਿਆ ਸੀ ਜਿਨੇਂ ਦੁਵਾਰਾ।