ਦੋਹਿਰਾ॥
ਬੀਰ ਹਕੀਕਤ ਰਾਇ ਜੂ, ਧੀਰਨ ਸਿਰ ਕੇ ਤਾਜ।
ਧਰਮ ਹੇਤ ਤਨੁ ਤਯਾਗ ਕਰ, ਰੱਖੀ ਹਿੰਦ ਕੀ ਲਾਜ।
ਹਕੀਕਤ ਰਾਏ ਜੀ ਦੀ ਸ਼ਹਾਦਤ ਤੇ ਧਰਮ ਪਿਆਰ
ਜਦ ਅੱਖ ਖੁੱਲ੍ਹੀ ਫੁੱਲ ਦੀ, ਪਤਝੜੀ ਸਿਰਿ ਪਰ ਖੜੀ ਸੀ
ਬਾਗ਼ ਮੱਲ ਦੇ ਨੇਤ੍ਰ ਜਯੋਤਿ ਅਰ ਕੌਰਾਂ ਦੀ ਗੋਦੀ ਦੇ ਲਾਲ।
ਸਯਾਲ ਕੋਟ ਪੰਜਾਬ ਭੂਮਿ ਦੇ ਸਿੰਜੇ, ਪਰਮ ਪੁਨੀਤ ਨਿਹਾਲ।
ਮਾਂ ਪਿਉ ਦੇ ਇਕਲੌਤੇ ਪੁੱਤਰ, ਧਰਮ ਸ਼ਕਤਿ ਵਿਚ ਅਤਿ ਬਲਵਾਨ।
ਧਰਮ ਕਰਮ ਦੀ ਸਮਝ ਹਕੀਕਤ ਕਰਕੇ ਪ੍ਰਾਪਤ ਆਤਮ ਗਯਾਨ।
ਬਾਲਕ ਬੁੱਧ ਕੁਮਾਰ ਉਮਰ ਵਿਚ ਧਰੀ ਹਥੇਲੀ ਉੱਪਰ ਜਾਨ।
ਖੇਡ ਜਾਨ ਪਰ ਖੇਡ ਖੇਡ ਗਏ, ਸੱਤ੍ਯ ਧਰਮ ਦੀ ਰੱਖੀ ਆਨ।
ਵਿਦਯਾ ਪੜ੍ਹਨੇ ਬੈਠੇ ਸੀ ਮਸਜਿਦ ਵਿਚ ਇਕ ਦਿਨ ਮੁੰਡਿਆਂ ਨਾਲ।
ਆਪਸ ਵਿਚ ਲੜ ਝਗੜ ਪਏ ਸੀ, ਧਰਮੀ ਅਤੇ ਫਸਾਦੀ ਬਾਲ।
ਮਾਰ ਕੁਟਾਈ ਹੋਣ ਲੱਗੀ ਅਰ ਅੰਤ ਹੋ ਪਏ ਗਾਲੋ ਗਾਲ।
ਮੁਸਲਮਾਨ ਇਕ ਬਾਲਕ ਨੇ ਦੁਰਗਾ ਰਾਣੀ ਨੂੰ ਕੱਢੀ ਗਾਲ।
ਸੁਣ ਕੇ ਖਾਧਾ ਜੋਸ਼ ਧਰਮ ਨੇ, ਬੋਲੇ- “ਲੜਕੇ ਮੂੰਹ ਸੰਭਾਲ।
ਜਿਹੀ ਬਜ਼ੁਰਗ ਫ਼ਾਤਮਾ ਤੇਰੀ ਤੈਸੀ ਸਾਡੀ ਮਾਤ ਜੁਆਲ।
ਸਭ ਦੇ ਵੱਡੇ ਵਡੇਰੇ ਸਮ ਹਨ, ਸਭ ਦਾ ਕਰਨਾ ਚਾਹੀਏ ਮਾਨ।
ਜੈਸਾ ਅਪਣਾ ਦੀਨ ਪਿਆਰਾ, ਤਿਉਂ ਹੀ ਮੇਰਾ ਧਰਮ ਪਛਾਨ"।
ਇਹ ਸੁਣ ਤਮਕ ਖਾਇ ਹੋ ਕ੍ਰੋਧਤ ਬੋਲੇ ਮੁੰਡੇ ਮੁਸਲਮਾਨ।
"ਕਿਉਂ ਉਇ ਹਿੰਦੂ ! ਕੀ ਕਹਿਆ ਈ? ਤੇਰੀ ਸਾਡੀ ਸਮ ਹੈ ਸ਼ਾਨ।
ਤੂੰ ਕਾਫਰ ਅਰ ਅਸੀਂ ਹਾਂ ਮੁਸਲਿਮ, ਕਿਥੇ ਜ਼ਿਮੀ ਕਿੱਥੇ ਅਸਮਾਨ।
ਤੂੰ ਦੋਹਾਂ ਨੂੰ ਇੱਕ ਬਣਾਵੇਂ, ਇਹ ਕੀ ਓਹ ਮੂਜ਼ੀ ਸ਼ੈਤਾਨ"।
ਰਾੜ ਵਧੀ ਅਰ ਲੜਦੇ-ਲੜਦੇ ਆਏ ਮੌਲਵੀ ਸਾਹਿਬ ਕੋਲ।
ਉਹ ਭੀ ਪੱਕੇ ਦੀਨਦਾਰ ਸਨ, ਭੁੜਥਾ ਹੋ ਗਏ ਸੁਣ ਕੇ ਬੋਲ।