ਝਟਪਟਾ ਇਹ ਮਤਾ ਪਕਾਇਆ, ਮੌਲਵੀਆਂ ਦੀ ਮਜਲਸ ਲਾਇ।
ਹਿੰਦੂ ਨੂੰ ਮਰਵਾਓ ਜਾਨੋਂ, ਯਾ ਲਓ ਮੁਸਲਮਾਨ ਬਣਾਇ।
ਗੱਲੋਂ ਚੁੱਕ ਗਲੈਣ ਬਣਾਈ, ਸਭ ਨੇ ਹੋ ਕੇ ਲਾਲੋ ਲਾਲ।
ਬਾਲਕ ਬੋਲ ਪਕੜ ਕੇ ਕੀਤਾ, ਦੀਨ ਮਜ਼ਹਬ ਦਾ ਖੜਾ ਸਵਾਲ।
ਫੜ ਕੇ ਹਾਕਮ ਪਾਸ ਪੁਚਾਯਾ, ਫਤਵਾ ਦਿੱਤਾ ਨਾਲ ਸੁਣਾਇ।
ਹੱਤਕ ਕੀਤੀ ਹੈ ਇਸ ਕਾਫ਼ਰ, ਜਾਨੋਂ ਦੇਣਾ ਹੈ ਮਰਵਾਇ।
ਹਾਕਮ ਨੇ ਕਰ ਤਰਸ ਕਿਹਾ, ਡਾਢੀ ਕਰੜੀ ਲੱਗੇ ਸਜ਼ਾਇ।
ਸੂਬੇ ਪਾਸ ਲਾਹੌਰ ਪਹੁੰਚ, ਕਰਵਾਣਾ ਚਾਹੀਏ ਹੱਕ ਨਿਆਇ।
ਮਾਂ ਪਿਉ ਤਰਲੋ ਮੱਛੀ ਹੋ ਹੋ, ਸਭ ਪਹਿ ਰੋ ਰੋ ਹਾੜੇ ਪਾਣ।
ਖਿਮਾਂ ਕਰੋ ਇਸ ਬੱਚੜੇ ਨੂੰ, ਹੈ ਬਾਲਕ ਬੁੱਧ ਉਮਰ ਨਾਦਾਨ।
ਧਰਮ ਦੀਨ ਦੇ ਮਤਲਬ ਦੀ, ਮਾਸੂਮ ਬਾਲ ਕੀ ਜਾਨਣ ਸਾਰ।
ਇੱਕੋ ਜੇਡੇ ਮੁੰਡੇ ਸਨ, ਲੜ ਪਏ ਵਧ ਗਈ ਉਸ ਤੋਂ ਰਾੜ।
ਨਗਰ ਦੇ ਸਿਰ ਕਰਦੇ ਸਾਰੇ, ਜਾ ਕਾਜ਼ੀ ਪਹਿ ਨੱਕ ਘਸਾਨ।
ਨਾਮ ਰੱਬ ਦੇ ਜਾਣ ਦਿਓ, ਨਾ ਐਡਾ ਲੰਮਾ ਕਰੋ ਵਿਧਾਨ।
ਪਰ ਮੁੱਲਾਂ ਅਰ ਕਾਜ਼ੀ ਮੁਫ਼ਤੀ, ਕਹਿਣ ਨਹੀਂ, ਇਹ ਬੜਾ ਕਸੂਰ।
ਗਰਦਨ-ਜ਼ਦਨੀ ਲਾਇਕ ਲੜਕਾ, ਜਾਏਗਾ ਲਾਹੌਰ ਜ਼ਰੂਰ।
ਬੰਨ੍ਹ ਤੋਰਿਆ ਧਰਮੀ ਬਾਲਕ, ਸ਼ਹਿਰ ਵਿਚ ਹੋਈ ਹੜਤਾਲ।
ਮਾਈ ਬਾਪ ਹਕੀਕਤ ਦੇ ਅਰ ਪੈਂਧੇ ਪੈਂਚ ਤੁਰ ਪਏ ਨਾਲ।
ਮਾਂ ਦੇ ਦਿਲ ਵਿਚ ਫਿਰੇ ਛੁਰੀ, ਅਰ ਪਿਉ ਦੀ ਸੁਕਦੀ ਜਾਵੇ ਜਾਨ।
ਇੱਕੋ ਫੁੱਲ ਬਾਗ਼ ਦਾ ਈਸ਼ਰ ! ਉਹ ਭੀ ਲੱਗਾ ਹੈ ਕੁਮਲਾਨ।
ਸਯਾਲ ਕੋਟ ਤੋਂ ਚਲ ਕੇ ਸਾਰੇ, ਚੌਥੇ ਦਿਨ ਪਹੁੰਚੇ ਲਾਹੌਰ।
ਸੂਬੇ ਪਾਸ ਪੇਸ਼ ਜਦ ਹੋਏ, ਸੁਣ ਕੇ ਭਵੇਂ ਉਦ੍ਹੇ ਭੀ ਤੌਰ।
ਬਾਲ ਮਸੂਮ, ਕਸੂਰ ਰੱਤਾ ਭਰ, ਦੰਡ ਦੇਖ ਦਿਲ ਪਾਣੀ ਹੋਇ।
ਪਰ ਝਗੜਾ ਸੀ ਦੀਨ ਧਰਮ ਦਾ, ਨਯਾਉਂ ਨ ਹੁੰਦਾ ਦਿੱਸੇ ਕੋਇ।
ਮੁਫ਼ਤੀ ਕਾਜ਼ੀ ਸੱਦ ਬਹਾਏ, ਫਤਵਾ ਲਾਓ ਸੋਚ ਵਿਚਾਰ।
ਉਮਰ ਦੇਖ ਅਪਰਾਧੀ ਦੀ, ਕੁਝ ਨਰਮੀ ਦਾ ਚਾਹੀਏ ਵਰਤਾਰ।
ਸੁਣ ਕੇ ਤਿੜਕ ਉੱਠੇ ਅਰ ਬੋਲੇ, ਸ਼ਰ੍ਹਾ ਸ਼ਰੀਅਤ ਦੇ ਇਨਸਾਫ਼।
ਕਾਫ਼ਰ ਨੇ ਬਰਾਬਰੀ ਕੀਤੀ, ਹੋ ਨਹੀਂ ਸਕਦਾ ਕਦੇ ਮੁਆਫ਼।
ਯਾ ਬਹਿ ਨਾਲ ਅਸਾਡੇ ਖਾਵੇ, ਪੜ੍ਹੇ ਕਲਮਾ ਹੋ ਮੁਸਲਮਾਨ।
ਯਾ ਬਸ ਹੁਕਮ ਸ਼ਰ੍ਹਾ ਦੇ ਮੂਜਬ-ਕਤਲ ਕਰਾਓ ਇਸ ਦੀ ਜਾਨ।