ਹੋ ਲਾਚਾਰ ਕਿਹਾ ਸੂਬੇ ਨੇ, ਕਿਉਂ ਲੜਕੇ ਦੱਸ ਕੀ ਪਰਵਾਨ?
ਜਾਨ ਦੇਣ ਦੀ ਮਰਜ਼ੀ ਹੈ? ਯਾ ਹੋਣਾ ਚਾਹੇਂ ਮੁਸਲਮਾਨ?
ਧਰਮਬੀਰ ਝਟ ਕਹੇ, “ਧਰਮ ਤਯਾਗਣ ਨੂੰ ਨਹੀਂ ਕਦੇ ਤਯਾਰ।
ਧਰਮ ਵਾਸਤੇ ਜਾਨ ਜੇ ਜਾਵੇ, ਤਾਂ ਇਸ ਨੂੰ ਰੱਖਣਾ ਨਹੀਂ ਦਰਕਾਰ"।
ਸੂਬੇ ਦੇ ਲਾਲਚ ਤੇ ਹੀਲੇ
ਸੂਬੇ ਕਿਹਾ, "ਨਾਦਾਨ ਬਾਲ ! ਕੁਝ ਹੋਸ਼ ਨਾਲ ਕਰ ਸੋਚ ਵਿਚਾਰ।
ਫੁੱਲ ਵਾਂਗ ਹੈਂ ਸੋਹਲ ਅਜੇ, ਦੁਨੀਆਂ ਦੀ ਦੇਖੀ ਨਹੀਂ ਬਹਾਰ।
ਐਸ਼ ਅਰਾਮ ਭੋਗ ਅਰ, ਭੋਜਨ ਚੱਖੇ ਭੀ ਨਹੀਂ ਜਗਤ ਮਝਾਰ।
ਜਾਨ ਵਾਸਤੇ ਲੁਕਦੇ ਫਿਰਦੇ, ਧਰਮ ਵੇਚ ਕੇ ਦੁਨੀਆਦਾਰ।
ਤੂੰ ਇਸ ਸੋਹਲ ਕੁਮਾਰ ਉਮਰ ਵਿਚ, ਮੌਤ ਨਾਲ ਕਿਉਂ ਕਰੇਂ ਪਿਆਰ?
ਇਸ ਦੇ ਫੱਟੇ ਫੇਰ ਨ ਉੱਠਣ, ਮੌਤ ਅਜੇਹੀ ਹੈ ਤਲਵਾਰ।
ਮਾਂ ਪਿਉ ਵੇਖ ਵਿਲ੍ਹਕਦੇ ਸਿਰ 'ਤੇ, ਮਿੱਤਰਾਂ ਦੇ ਵੱਲ ਝਾਤੀ ਮਾਰ।
ਇਹ ਸਭ ਸੁਪਨਾ ਹੋ ਜਾਣਗੇ, ਜਦ ਹੋਇਆ ਕਾਤਲ ਦਾ ਵਾਰ।
ਦੌਲਤ, ਮਾਪੇ, ਮਿੱਤਰ, ਨਾਰੀ, ਸਭ ਤੋਂ ਪਿਆਰੀ ਆਪਣੀ ਜਾਨ।
ਹਾਂ ਬੱਚੜੇ ! ਸਭ ਨਸ਼ਟ ਹੋਣਗੇ, ਨਿਕਲੇ ਜਦੋਂ ਸਰੀਰੋਂ ਪ੍ਰਾਨ।
ਕੰਬ ਕਲੇਜਾ ਮੂੰਹ ਨੂੰ ਆਵੇ, ਮੇਰਾ ਤਾਂ ਇਹ ਸੁਣ ਕੇ ਬਾਤ।
ਤੈਂ ਵਰਗੇ ਟੱਬਰ ਦੇ ਦੀਪਕ, ਪਰ ਆ ਜਾਵੇਗੀ ਪਰਭਾਤ।
ਡਰ ਮੌਤੋਂ, ਲੱਗ ਮੇਰੇ ਆਖੇ, ਆ ਪੁੱਤਰ ਮੈਂ ਲਵਾਂ ਬਣਾਇ।
ਦੌਲਤ ਦੇ ਅੰਬਾਰ ਲਗਾ ਕੇ, ਸੁਖ ਜੀਵਨ ਦਾ ਦਿਆਂ ਦਿਖਾਇ।
ਹਾਕਮ ਕਰਾਂ ਇਲਾਕੇ ਉੱਪਰ, ਤੇਰਾ ਸਿੱਕਾ ਦਿਆਂ ਚਲਾਇ।
ਪਰੀਆਂ ਨਾਲ ਕਰਾਵਾਂ ਸ਼ਾਦੀ, ਐਥੇ ਦਿਆਂ ਬਹਿਸ਼ਤ ਭੁਗਾਇ।
ਰਾਮ ਰਹੀਮ ਦੋਇ ਨਹੀਂ ਬੇਟਾ! ਪੜ੍ਹ ਕਲਮਾ ਹੋ ਮੁਸਲਮਾਨ।
ਮੌਤ ਕਸਾਇਣ ਦੇ ਪੰਜੇ ਤੋਂ, ਇਉਂ ਬਚ ਜਾਸੀ ਪਯਾਰੀ ਜਾਨ"।
ਧਰਮ ਤਿਆਗ ਕੇ ਜਾਨ ਨਹੀਂ ਬਚਾਉਣੀ
ਸੁਣ ਕੇ ਕਿਹਾ ਹਕੀਕਤ ਜੀ ਨੇ, "ਬਾਬਾ! ਇਹ ਗੱਲ ਹੈ ਮੁਹਾਲ।
ਜਾਨ ਬਚਾ ਕੇ ਧਰਮ ਤਿਆਗਾਂ, ਫਿਰ ਕੀ ਨਾ ਆਵੇਗਾ ਕਾਲ?
ਮੌਤ ਜਿਧਾ ਡਰ ਦੱਸ ਰਹੇ ਹੋ, ਮੇਰਾ ਕੁਝ ਨਾ ਸਕੇ ਗਵਾਇ।
ਇਸ ਦੁਨੀਆਂ ਤੋਂ ਉਸ ਦੁਨੀਆਂ ਵਿਚ, ਇਸ ਨੇ ਦੇਣਾ ਹੈ ਪਹੁੰਚਾਇ।