ਤੂੰ ਭੀ ਓਸੇ ਵਾਂਗ ਹੀ ਰੱਯਤ ਨੂੰ ਜਾਣ।
ਛੱਡ ਦੇ ਏਹ ਦੁੱਖ ਦੇਣ ਦੀ ਤੂੰ ਭੈੜੀ ਬਾਣ।
ਵਿਚ ਸੱਚੀ ਦਰਗਾਹ ਦੇ ਜਦ ਲੇਖਾ ਹੋਸੀ।
ਏਸ ਕਮੱਤੇ ਪਾਪ ਦਾ ਠਹਿਰੇਂਗਾ ਦੋਸ਼ੀ।
ਪੁੰਨ ਪਾਪ ਸਭ ਸਾਹਮਣੇ ਜਦ ਆਣ ਖਲੋਸੀ।
ਪੱਲਾ ਪਾਊ ਗਲੇ ਵਿਚ ਖਲਕਤ ਨਿਰਦੋਸ਼ੀ।
ਸੜ ਕੇ ਕੋਲੇ ਹੋ ਗਿਆ ਸੁਣ ਸ਼ਾਹ ਉਰੰਗ।
ਖਾਹ ਸਿੱਖਯਾ ਦਾ ਕੋਰੜਾ ਹੋਯਾ ਬਦਰੰਗ।
ਉੱਤਰ ਕੋਈ ਨਾ ਆਹੁੜੇ ਦਿਲ ਹੋਯਾ ਤੰਗ।
ਹੋਰ ਨਵਾਂ ਇਕ ਛੇੜਦਾ ਓੜਕ ਪਰਸੰਗ।
ਤੁਸੀਂ ਗੁਰੂ ਹਿੰਦਵਾਨ ਦੇ ਕਰਦੇ ਨਿਸਤਾਰਾ।
ਮੈਨੂੰ ਭੀ ਦਿਖਲਾ ਦਿਓ ਕੋਈ ਚਮਕਾਰਾ।
ਕਰਾਮਾਤ ਕੁਝ ਦੇਖ ਕੇ ਦੇਸਾਂ ਛੁਟਕਾਰਾ।
ਨਹਿਂ ਤਾਂ ਦੀਨ ਮੁਹੰਮਦੀ ਦਾ ਲਓ ਸਹਾਰਾ।
ਬੋਲੇ ਸਤਿਗੁਰ, ਪਾਤਸ਼ਾਹ ! ਏਹ ਭੀ ਦੁਸ਼ਵਾਰ
ਕਰਾਮਾਤ ਦਿਖਲਾਵਣੀ ਨਹਿ ਸਾਡੀ ਕਾਰ।
ਸਾਈਂ ਨਾਲ ਬਰਾਬਰੀ ਇਹ ਕਹਿਰ ਕਹਾਰ।
ਭਾਣੇ ਨੂੰ ਉਲਟਾਣ ਹਿਤ ਮੈਂ ਨਹੀਂ ਤਿਆਰ।
ਅਪਣਾ ਧਰਮ ਤਿਆਗਣਾ ਭੀ ਖਰਾ ਉਖੇਰਾ।
ਸਿੱਧ ਮਨੋਰਥ ਹੋਵਣਾ ਨਹਿਂ ਕੋਈ ਤੇਰਾ।
ਤੂੰ ਇਸ ਹਠ ਨੂੰ ਤਯਾਗ ਦੇ ਇਹ ਨਹੀਂ ਚੰਗੇਰਾ।
ਇਹ ਦੁਨੀਆਂ ਹੈ ਨਾਸਮਾਨ ਜਿਉਂ ਜੋਗੀ ਫੇਰਾ।
ਫੇਰ ਕਿਹਾ ਔਰੰਗਜ਼ੇਬ "ਕਰ ਲਓ ਵਿਚਾਰ।
ਇਹ ਸਰੀਰ ਨਹਿ ਆਉਣਾ ਹੱਥ ਦੂਜੀ ਵਾਰ।
ਭਲੀ ਤਰ੍ਹਾਂ ਹੋ ਜਾਣਦੇ ਮੇਰੀ ਤਲਵਾਰ।
ਨਾ ਮੰਨੋ ਤਦ ਮਰਨ ਹਿਤ ਹੋ ਰਹੋ ਤਿਆਰ।
ਸਤਿਗੁਰ ਬੋਲੇ ਭੋਲਿਆ! ਇਹ ਤੁੱਛ ਡਰਾਵਾ।
ਸੰਤਾਂ ਨੂੰ ਇਸ ਦੇਹ ਦਾ ਨਹੀਂ ਕੋਈ ਹਾਵਾ।
ਜੋ ਭਾਣੇ ਵਿਚ ਹੋ ਰਹੇ ਸੋ ਸੁਖ ਸੁਹਾਵਾ।
ਤੂੰ ਮੌਤੋਂ ਡਰ ! ਬੰਨ੍ਹਿਆ ਜਿਸ ਕੂੜਾ ਦਾਵਾ।