ਪਿਤਾ ਪ੍ਰਭੂ ਪਹਿ ਜਾਂਦਿਆਂ ਡਰ ਕਾਹਦਾ ਲੱਗੇ।
ਦੇਹ ਅਨਿਸਥਿਰ ਚੀਜ਼ ਹੈ ਇਹ ਨਿੱਤ ਨ ਤੱਗੇ।
ਸਦਕੇ ਹੋਈਏ ਧਰਮ ਤੋਂ ਪਯਾਰੇ ਦੇ ਅੱਗੇ।
ਕੂੜੀ ਦੁਨੀਆਂ ਵਾਸਤੇ ਨਹੀਂ ਜਾਈਏ ਠੱਗੇ।
ਏਸ ਤਰ੍ਹਾਂ ਜਦ ਕੋਈ ਨ ਚੱਲੀ ਤਦਬੀਰ।
ਸੜ ਕੁੜ੍ਹ ਕੇ ਉੱਠ ਤੁਰ ਗਿਆ ਔਰੰਗਾ ਕੀਰ।
ਪਹਿਰੇ ਦੇ ਵਿਚ ਹੋ ਗਏ ਸਤਿਗੁਰ ਸੁੱਧ ਧੀਰ।
ਪਯਾਰੇ ਪ੍ਰਭੂ ਦੇ ਧਯਾਨ ਵਿਚ ਹੋ ਰਹੇ ਗੰਭੀਰ।
ਚਾਂਦਨੀ ਚੌਂਕ ਦਿੱਲੀ ਵਿਚ ਅੰਤ ਸਮਾਂ
ਰਾਤ ਬੀਤੀ ਦਿਨ ਚੜ੍ਹ ਪਿਆ ਹੁਣ ਕਹਿਰਾਂ ਵਾਲਾ।
ਸੂਰਜ ਖੂਨੀ ਨਿਕਲਿਆ ਸੂਰਤ ਬਿਕਰਾਲਾ।
ਕੀਤਾ ਵੇਸ ਅਕਾਸ ਨੇ ਅੱਜ ਕਾਲਾ ਕਾਲਾ।
ਧੌਲ ਧਰਮ ਦਾ ਡੋਲਿਆ ਆਯਾ ਭੁੰਚਾਲਾ।
ਸ੍ਰੀ ਸਤਿਗੁਰ ਇਸ਼ਨਾਨ ਕਰ ਲਿਵ ਪ੍ਰਭੂ ਵਿਚ ਲਾਈ।
ਜਪੁ ਜੀ ਸਾਹਿਬ ਉਚਰਿਆ ਵਿਚ ਸੀਤਲਤਾਈ।
ਪਾਠ ਮੁਕਾਇ ਅਕਾਲ ਦਾ ਜਦ ਧੌਣ ਝੁਕਾਈ।
ਕਾਤਲ ਨੇ ਉਸ ਵੇਲੜੇ ਤਲਵਾਰ ਚਲਾਈ।
ਕੰਬਣ ਲੱਗੀ ਪਿਰਥਵੀ ਨਾ ਦੁੱਖ ਸਹਾਰੇ।
ਸ਼ਾਹੀ ਵਰਤੀ ਗਗਨ `ਤੇ ਅਰ ਟੁੱਟੇ ਤਾਰੇ।
ਅੰਧ ਹਨੇਰੀ ਝੁੱਲ ਗਈ ਦਿੱਲੀ ਵਿਚਕਾਰੇ।
ਮਾਤਮ ਸਾਰੇ ਵਰਤਿਆ ਇਸ ਦੁੱਖ ਦੇ ਮਾਰੇ।
ਧਰਮੀ ਹਿੱਕਾਂ ਪਾਟੀਆਂ ਛਾਯਾ ਅੰਧਿਆਰ।
ਅੱਖਾਂ ਵਿਚੋਂ ਨਿੱਕਲੀ ਲੋਹੂ ਦੀ ਧਾਰ।
ਹੋਣ ਲਗਾ ਸੰਸਾਰ ਵਿਚ ਵਡ ਹਾਹਾਕਾਰ।
ਹੋਯਾ ਵਿਚ ਅਕਾਸ਼ ਦੇ ਜੈ ਜੈ ਜੈਕਾਰ।
ਹਿੰਦੂ ਧਰਮ ਨੂੰ ਰੱਖ ਲਿਆ ਹੋ ਕੇ ਕੁਰਬਾਨ।
ਬਲੀ ਚੜ੍ਹਾ ਕੇ ਆਪਣੀ ਰੱਖ ਲੀਤੀ ਆਨ।
ਪਾਈ ਮੁਰਦਾ ਕੌਮ ਵਿਚ ਮੁੜ ਕੇ ਜਿੰਦ ਜਾਨ।
ਗੁਰ ਨਾਨਕ ਦਾ ਬੂਟੜਾ ਚੜ੍ਹਿਆ ਪਰਵਾਨ।