ਇਕ ਪਿਆਰੇ ਸਿੱਖ ਨੇ ਜਾ ਸੀਸ ਉਠਾਯਾ।
ਲੈ ਕੇ ਵਿਚ ਆਨੰਦ ਪੁਰ ਓਵੇਂ ਪਹੁੰਚਾਯਾ।
ਧੜ ਲੈ ਇਕ ਲੁਬਾਨੜੇ ਸਸਕਾਰ ਕਰਾਯਾ।
ਸਿਰ ਤਲੀਆਂ 'ਤੇ ਰੱਖ ਕੇ ਇਹ ਸਿਦਕ ਕਮਾਯਾ।
ਸਤਿਗੁਰ ਰੱਛਕ ਹਿੰਦ ਦੇ ਕੀਤਾ ਉਪਕਾਰ।
ਸਾਕਾ ਕੀਤਾ ਕਲੂ ਵਿਚ ਸਿਰ ਆਪਣਾ ਵਾਰ।
ਦਿੱਲੀ ਦੇ ਵਿਚ ਆਪ ਦੀ ਹੈ ਯਾਦਸੁਗਾਰ।
ਸੀਸ ਗੰਜ ਰਕਾਬ ਗੰਜ ਲਗਦੇ ਦਰਬਾਰ।
ਸਿਖ੍ਯਾ॥
ਹੇ ਮਨ ਸੁੱਖੀਂ ਰੁੱਝਿਆ ! ਉੱਠ ਝਾਤੀ ਮਾਰ।
ਆਪਣੇ ਰੱਖਕ ਗੁਰੂ ਦੇ ਉਪਕਾਰ ਚਿਤਾਰ।
ਕਿਸ ਖਾਤਰ ਓਹ ਤੁਰ ਗਏ ਸਨ ਜਿੰਦਾਂ ਵਾਰ?
ਅਸੀਂ ਕਿਵੇਂ ਅਲਮਸਤ ਹਾਂ ਓਹ ਧਰਮ ਵਿਸਾਰ।
ਦੀਨਾਂ ਦੀ ਪ੍ਰਿਤਪਾਲ ਹਿਤ ਧਨ ਧਾਮ ਲੁਟਾਏ।
ਪਰੁਪਕਾਰ ਦੇ ਵਾਸਤੇ ਸਰਬੰਸ ਗਵਾਏ।
ਦੁਖੀਆਂ ਦੇ ਦੁੱਖ ਕੱਟਣੇ ਹਿਤ ਸੀਸ ਕਟਾਏ।
ਪਰ ਤੂੰ ਹਾਇ ਅਕਿਰਤਘਨ ! ਗੁਣ ਸਰਬ ਭੁਲਾਏ।
ਅਪਸ੍ਵਾਰਥ ਦੇ ਵਾਸਤੇ ਹਾਂ ਪਾਪ ਕਮਾਂਦੇ।
ਦੁਖੀਆ ਦਰਦੀ ਵੇਖ ਕੇ ਕੁਝ ਤਰਸ ਨਾ ਖਾਂਦੇ।
ਰੋਗੀ ਦੀ ਦਾਰੀ ਵਿਖੇ ਇਕਲ ਨਾ ਲਾਂਦੇ।
ਲੀਕਾਂ ਵਡ ਵਡੇਰੀਆਂ ਛੱਡ ਔਝੜ ਜਾਂਦੇ।
ਅੱਗੇ ਦੇ ਵੀ ਵਾਸਤੇ ਕੁਝ ਖਰਚਾ ਬੰਨ੍ਹੇ।
ਆਖੀ ਵਡ ਵਡੇਰਿਆਂ ਦੀ ਦਿਲ ਦੇ ਮੰਨੋ।
ਆਣ ਜਮਾਂ ਜਦ ਘੇਰਿਆ ਫੜ ਖੜਿਆ ਕੰਨੋਂ।
ਓਦੋਂ ਨਾਲ ਨ ਤੁਰੇਗੀ ਇਹ ਮਾਈ ਧੰਨੋ।