"ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥”
ਭਾਈ ਮਤੀ ਰਾਮ ਜੀ ਦਾ ਆਰੇ ਨਾਲ ਚੀਰਿਆ ਜਾਣਾ
ਕਲਜੁਗ ਕਹਿਰ ਕਹਾਰ ਵਰਤਯਾ, ਜਗ ਵਿਚ ਧੁੰਦੂਕਾਰ ਭਇਆ।
ਪਾਪ ਅਗਨਿ ਨੂੰ ਮੰਦ ਕਰਨ ਹਿਤ, ਗੁਰੂ ਨਾਨਕ ਅਵਤਾਰ ਲਇਆ।
ਸੱਤ੍ਯ ਧਰਮ ਦੀ ਲਾਇ ਬਗੀਚੀ, ਚੈਨ ਵਾਰ ਕੀਤੀ ਪ੍ਰਿਤਪਾਲ।
ਮੁਰਦਾ ਦੇਸ਼ ਜਿਵਾਯਾ ਮੁੜ ਕੇ, ਆਪਣੇ ਸਤ ਉਪਦੇਸ਼ਾਂ ਨਾਲ।
ਪਾਪ ਹਨੇਰਾ ਦੂਰ ਹਟਾਯਾ, ਧਰਮ ਭਗਤਿ ਦਾ ਦੀਵਾ ਬਾਲ।
ਫਿਰ ਫਿਰ ਦੇਸ਼ ਦਿਸੰਤਰ ਅੰਦਰ, ਕੀਤੇ ਪਾਪੀ ਪੁਰਸ਼ ਨਿਹਾਲ।
ਨੌਵੇਂ ਜਾਮੇ ਦੇ ਵਿਚ ਆ ਕੇ, ਤੇਗ਼ ਬਹਾਦੁਰ ਨਾਮ ਰਖਾਇ।
ਹਿੰਦੂ ਧਰਮ ਦੀ ਲੱਜਾ ਰੱਖੀ, ਸੀਸ ਆਪਣਾ ਬਲੀ ਚੜ੍ਹਾਇ।
ਸਤ ਉਪਦੇਸ਼ਾਂ ਨਾਲ ਜਗਤ ਵਿਚ, ਧਰਮ ਭਾਵ ਫੈਲਾਯਾ ਸੀ।
ਪਾਪ ਰਾਜ ਦੇ ਤ੍ਰਾਸ ਗ੍ਰਸੀ, ਪਰਜਾ ਨੂੰ ਧੀਰ ਬਨਾਯਾ ਸੀ।
ਜੋ ਸਤਿਗੁਰ ਦੀ ਚਰਨੀ ਪਰਸੇ, ਧਰਮ ਭਾਵ ਵਿਚ ਸ਼ੇਰ ਭਏ।
ਸਤ ਉਪਦੇਸ਼ ਜਿਨ੍ਹਾਂ ਨੇ ਪਾਏ, ‘ਮੈਂ ਮੇਰੀ’ ਤਯਾਗ ਗਏ।
ਭਾਈ ਮਤੀਰਾਮ ਇਕ ਗੁਰੂ ਦਾ, ਡਾਢਾ ਸਿੱਖ ਪਿਆਰਾ ਸੀ।
ਸ੍ਰੀ ਸਤਿਗੁਰ ਨੂੰ ਦੀਨ ਦੁਨੀ ਦਾ, ਲਖਦਾ ਇਕ ਸਹਾਰਾ ਸੀ।
ਘਰ ਦੇ ਸੁਖ ਅਰ ਚੈਨ ਤਯਾਗ ਕੇ, ਗੁਰ ਚਰਨਾਂ ਵਿਚ ਆਣ ਪਿਆ।
ਦਰਸ਼ਨ ਦੇ ਵਿਚ ਪ੍ਰਾਣ ਮੇਰੇ ਹਨ, ਇਹ ਨਿਸ਼ਚੇ ਕਰ ਜਾਣ ਲਿਆ।
ਔਰੰਗਜ਼ੇਬ ਦਾ ਝੂਠੇ ਬਹਾਨੇ ਟੋਲਣੇ ਤੇ ਭਾਈ ਜੀ ਨੂੰ ਆਰੇ ਨਾਲ ਚਿਰਾ ਦੇਣ ਦਾ ਹੁਕਮ
ਸ਼ਾਹ ਔਰੰਗਜ਼ੇਬ ਜਦ ਡਿੱਠਾ, ਰੰਗ ਪਲਟਦਾ ਜਾਂਦਾ ਹੈ।
ਸਤਿਗੁਰ ਤੇਗ਼ ਬਹਾਦੁਰ ਰੋਕਾਂ, ਦੀਨ ਵਧਣ ਵਿਚ ਪਾਂਦਾ ਹੈ।