ਤਦ ਸ੍ਰੀ ਗੁਰੂ ਨੂੰ ਵੈਰ ਲੈਣ ਹਿਤ, ਆਪਣੇ ਪਾਸ ਬੁਲਾਯਾ ਸੀ।
ਪ੍ਰੇਮ ਬੰਧਾਯਾ ਮਤੀਰਾਮ ਭੀ, ਨਾਲ ਗੁਰਾਂ ਦੇ ਆਇਆ ਸੀ।
ਸ਼ਾਹ ਉਰੰਗੇ ਗੁਰੂ ਸਾਹਿਬ ਨੂੰ, ਚਾਹਿਆ ਮੁਸਲਮ ਲਏ ਬਣਾਇ।
ਪਰ ਗੰਭੀਰ ਸਤਿਗੁਰਾਂ ਅੱਗੇ, ਪੇਸ਼ ਨ ਉਸ ਦੀ ਚੱਲੀ ਕਾਇ।
ਅੰਤ ਡਰਾਵਾ ਦੇਣ ਵਾਸਤੇ, ਸਿੱਖ ਨਾਲਦੇ ਫੜ ਲੀਤੇ।
ਨਾਮ ਮਾਤ੍ਰ ਦੇ ਦੂਸ਼ਨ ਲਾ ਕੇ, ਫਾਹੀ ਦੇ ਵਿਚ ਕੜ ਲੀਤੇ।
ਭਾਈ ਮਤੀਰਾਮ ਭੀ ਉਸ ਵਿਚ, ਕੈਦੀ ਗਏ ਬਣਾਏ ਸੇ।
"ਐਸੇ ਮੁੱਫਸਿਦ ਗੁਰੂ ਨਾਲ, ਕਿਸ ਕਾਰਨ ਰਲਕੇ ਆਏ ਸੇ"?
ਪਾਪੀ ਮਨ ਔਰੰਗੇ ਦੇ ਵਿਚ, ਦ੍ਵੈਸ਼ ਅਗਨ ਨਿਤ ਬਲਦੀ ਸੀ।
ਤੁੱਛ ਬਹਾਨੇ ਢੂੰਡ ਢੂੰਡ ਕੇ, ਛੁਰੀ ਜ਼ੁਲਮ ਦੀ ਚਲਦੀ ਸੀ।
ਹੁਕਮ ਚੜ੍ਹਾਯਾ ਇਸ ਮੂਜ਼ੀ ਨੂੰ, ਦੀਨ ਕਬੂਲ ਕਰਾ ਦੇਵੋ।
ਨਹਿਂ ਤਾਂ ਬੜੀ ਬਿਦਰਦੀ ਕਰਕੇ, ਆਰੇ ਨਾਲ ਚਿਰਾ ਦੇਵੋ।
ਭਾਈ ਜੀ ਨੂੰ ਬਾਦਸ਼ਾਹੀ ਹੁਕਮ ਤੇ ਲਾਲਚ ਜਰਵਾਣਿਆ ਵੱਲੋਂ ਸੁਣਾਏ ਗਏ
ਮੁੱਲਾਂ ਕਾਜ਼ੀ ਘੇਰ ਖਲੋਤੇ, ਦੀਨ ਕਬੂਲ ਕਰਾਣੇ ਨੂੰ।
ਧਰਮ ਭਾਵ ਦੇ ਚੰਦਰਮਾ ਨੂੰ ਪਾਪ ਕਲੰਕ ਲਗਾਣੇ ਨੂੰ।
ਮਤੀਰਾਮ ਜੀ ਮਨ ਦੇ ਕੋਈ, ਐਸੇ ਵੈਸੇ ਸਿੱਖ ਨ ਸੇ।
ਇਨ੍ਹਾਂ ਪਾਜੀਆਂ ਦੇ ਭਰਮਾਉਣ, ਨਾਲ ਜਿ ਧਰਮ ਗੁਆ ਦੇਂਦੇ।
ਖੜੇ ਰਹੇ ਗੰਭੀਰ ਪ੍ਰੇਮ ਵਿਚ, ਰਤਾ ਨਹੀਂ ਘਬਰਾਏ ਨੇ।
ਮਾਨੋ ਇਹ ਦੁਰਵਾਕ ਉਨ੍ਹਾਂ ਨੇ, ਸੁਨਣੇ ਭੀ ਨਹਿਂ ਪਾਏ ਨੇ।
ਮੁੱਲਾਂ ਬੋਲੇ ਸੁਣ ਓ ਕਾਫ਼ਰ ! ਦੁੱਖਾਂ ਤੋਂ ਛੁੱਟ ਜਾਵੇਂਗਾ।
ਕਲਮਾਂ ਪੜ੍ਹ ਕੇ ਹਜ਼ਰਤ ਦੇ, ਝੰਡੇ ਹੇਠਾਂ ਜਿ ਆਵੇਂਗਾ।
ਦੁਨੀਆਂ ਦੇ ਆਰਾਮ ਮਿਲਣਗੇ, ਦੌਲਤ ਖਾਣ ਹੰਢਾਉਣ ਨੂੰ।
ਆਖਰ ਵੇਲੇ ਵਿਚ ਬਹਿਸ਼ਤਾਂ, ਹੂਰਾਂ ਮਿਲਣ ਲੁਭਾਉਣ ਨੂੰ।
ਪਰ ਜੇ ਕਾਫ਼ਰ ਬਣਿਆ ਰਹਿਓਂ, ਵਡ ਅਜ਼ਾਬ ਭੀ ਪਾਵੇਂਗਾ।
ਅਰ ਦਰਗਾਹੇ ਦੋਜਕ ਭੋਗਣ, ਨਾਲ ਜਮਾਂ ਦੇ ਜਾਵੇਂਗਾ।