ਆਪਣਾ ਭਲਾ ਬੁਰਾ ਹੁਣ ਆਪੇ, ਬੁੱਧੀ ਨਾਲ ਵਿਚਾਰ ਲਈਂ।
ਇਹ ਤਨ ਬਾਰ ਬਾਰ ਨਹੀਂ ਮਿਲਣਾ, ਇਹ ਭੀ ਝਾਤੀ ਮਾਰ ਲਈਂ।
ਭਾਈ ਮਤੀਰਾਮ ਜੀ ਦਾ ਜਰਵਾਣਿਆਂ ਨੂੰ ਕੋਰਾ ਜਵਾਬ
ਬੋਲੇ ਭਾਈ ਮਤੀਰਾਮ ਜੀ, ਬਹੁਤਾ ਸਿਰ ਨਾ ਖਾਓ ਜੀ।
ਜੋ ਕੁਝ ਮਿਲਿਆ ਹੁਕਮ ਆਪ ਨੂੰ, ਉਸ ਨੂੰ ਤੁਰਤ ਬਜਾਓ ਜੀ।
ਦੀਨ ਆਪਦਾ ਭਲੀ ਤਰ੍ਹਾਂ ਮੈਂ, ਸਮਝ ਲਿਆ ਸੁਣ ਲੀਤਾ ਹੈ।
ਪਰ ਮੈਂ ਆਪਣੇ ਸਤਿਗੁਰ ਪਾਸੋਂ, ਪ੍ਰੇਮ ਪਿਆਲਾ ਪੀਤਾ ਹੈ।
ਓਸ ਨਸ਼ੇ ਵਿਚ ਮਨ ਕੁਝ ਐਸਾ, ਬੇਖੁਦ ਹੋਯਾ ਜਾਂਦਾ ਹੈ।
ਤ੍ਰੈ ਲੋਕਾਂ ਦੀ ਸੰਪਦ ਵੱਲ, ਤੱਕਣ ਨੂੰ ਜੀ ਨਾ ਚਾਹੁੰਦਾ ਹੈ।
ਨਾਸ਼ਮਾਨ ਪੁਤਲੇ ਦੀ ਖਾਤਰ, ਯਾਂ ਜਗ ਦੇ ਸੁਖ ਹੇਤ ਭਲਾ।
ਧਰਮ ਜਿਹੀ ਅਣਮੁੱਲੀ ਵਸਤੂ, ਕੌਣ ਤਜੇ? ਇਹ ਸੋਚ ਜ਼ਰਾ।
ਧਨ ਜਾਏ, ਸੁਖ ਸੰਪਦ ਜਾਏ, ਅਰ ਸਾਰਾ ਪਰਵਾਰ ਤਜਾਂ।
ਤਨ ਟੁਕੜੇ ਕਰ ਵਾਰ ਦਿਆਂ, ਸਦਸੰਗੀ ਧਰਮ ਬਚਾਇ ਲਵਾਂ।
ਧਰਮ ਬਿਨਾਂ ਸੰਸਾਰ ਵਿਖੇ, ਜੀਉਣ ਪਰ ਹੈ ਸੌ ਸੌ ਫਿਟਕਾਰ।
ਧਰਮ ਵਿਖੇ ਜੇ ਮੌਤ ਮਿਲ ਪਏ, ਗਲ ਲਾਵਾਂ ਉਸ ਨੂੰ ਸੌ ਸੌ ਵਾਰ।
ਜਰਵਾਣਿਆਂ ਦੇ ਜ਼ੁਲਮ ਦਾ ਕਹਿਰ
ਗਲੀ ਨ ਦਾਲ ਕਾਜ਼ੀਆਂ ਦੀ ਜਦ, ਕ੍ਰੋਧ ਨਾਲ ਮੁਖ ਲਾਲ ਭਏ।
ਮਾਰੋ ਖੂਬ ਅਜ਼ਾਬ ਨਾਲ ਇਸ ਮੂਜ਼ੀ ਨੂੰ ਇਸ ਖਯਾਲ ਪਏ।
ਪ੍ਰੇਮੀ ਸਿੱਖ ਖੜਾ ਕਰ ਬੱਧਾ, ਖੌਫ ਖੁਦਾ ਦਾ ਮਨੋਂ ਵਿਸਾਰ।
ਉੱਪਰ ਸਿਰ ਦੇ ਆਰਾ ਧਰ ਕੇ, ਲੱਗੇ ਦੇਵਨ ਕਸ਼ਟ ਅਪਾਰ।
ਗੇਲੀ ਵਾਂਗਰ ਸਿਰ ਦੇ ਉਪਰ, ਆਰਾ ਫਿਰੇ ਜਿਵੇਂ ਤਲਵਾਰ।
ਪਰ ਪ੍ਰੇਮੀ ਦੇ ਮੂੰਹ ਦੇ ਵਿਚੋਂ, ਧੁਨ ਨਿਕਲੇ ਧੰਨ ਧੰਨ ਕਰਤਾਰ।
ਸਿਰ ਚਿਰਿਆ ਫਿਰ ਗਲ ਭੀ ਚਿਰਿਆ, ਛਾਤੀ ਉਪਰ ਆਯਾ ਚੀਰ।
ਪ੍ਰੇਮੀ ਪੰਛੀ ਨਿਕਲ ਤੁਰਿਆ ਖਾਲੀ ਕਰਕੇ ਤੁਛ ਸ਼ਰੀਰ।
ਪਾਪਾਂ ਵਿਚ ਪਰਵਿਰਤ ਹੁੰਦੇ ਪਰ ਅਜੇ ਨਹੀਂ ਕੁਝ ਖੌਫ ਕਰਨ।
ਮਰੇ ਸ਼ਰੀਰ ਨਾਲ ਭੀ ਓਵੇਂ ਬੇਦਰਦੀ ਹੀ ਪਏ ਕਰਨ।