ਛਾਤੀ ਚੀਰ ਪੇਟ ਵਿਚ ਧੱਸਿਆ, ਪਾਪੀ ਹੱਥਾਂ ਦਾ ਹਥਿਆਰ।
ਪੇਟ ਚੀਰ ਹੱਥਾਂ ਤੋਂ ਛੁੱਟ ਕੇ, ਚਰਨਾਂ ’ਤੇ ਢੱਠਾ ਇਕ ਵਾਰ।
ਮੂਧਾ ਹੋ ਧਰਤੀ ਪਰ ਡਿੱਗਾ, ਜੜ੍ਹ ਵਸਤੂ ਲੱਜਾ ਨੂੰ ਖਾਇ।
ਪਰ ਨਹੀਂ ਦ੍ਰਵੇ ਕੁਸੱਤੀ ਹਿਰਦੇ, ਐਸਾ ਘੋਰ ਕੁਕਰਮ ਕਮਾਇ।
ਰੱਸੇ ਖੋਲ੍ਹ ਫਾੜੀਆਂ ਦੋਨੋਂ, ਧਰਤੀ ਉਪਰ ਦੇਣ ਵਿਛਾਇ।
ਇਕ ਧਰਮੀ ਦੀ ਜਾਨ ਮੁਕਾ ਕੇ, ਛੰਨਾਂ ਪੀਵਣ ਦੁਧ ਮੰਗਾਇ।
ਭਾਈ ਮਤੀਰਾਮ ਜੀ ਦੀ ਉਡਾਰੀ ਤੇ ਤਿਆਗ
ਖੇਲ ਗਿਆ ਇਕ ਚਤੁਰ ਖਿਲਾੜੀ, ਆਪਣਾ ਧਰਮ ਨਿਭਾਇ ਗਿਆ।
ਦੁਨੀਆਂ ਦੇ ਵਿਚ ਧਰਮ ਭਾਵ ਦੀ, ਜਿੰਦ ਨਵੀਂ ਇਕ ਪਾਇ ਗਿਆ।
ਕੀਕੁਰ ਸਦਕੇ ਹੋਣ ਸੱਚ ਤੋਂ, ਲੋਕਾਂ ਨੂੰ ਦਿਖਲਾਇ ਗਿਆ।
ਅਪਨੀ ਦੇਹੀ ਖੇਹ ਰੁਲਾ ਕੇ, ਸੁਖ ਦੀ ਨੀਂਹ ਰਖਾਇ ਗਿਆ।
ਲਾਲ ਅਮੁੱਲਾ ਪੱਲੇ ਲੈ ਗਿਆ, ਕੱਚ ਪਰੇ ਪਟਕਾਇ ਗਿਆ।
ਸਦਕੇ ਕਰਕੇ ਜਿੰਦ ਧਰਮ ਤੋਂ, ਸੌਦਾ ਖਰਾ ਕਮਾਇ ਗਿਆ।
ਨਸ਼ਟ ਕਰ ਗਿਆ ਆਪੇ ਨੂੰ, ਪਰ ਪਿਛਲਾ ਥੇਹ ਵਸਾਇ ਗਿਆ।
ਆ ਕੇ ਆਪ ਦਾਤਰੀ ਅੱਗੇ, ਵਾੜੀ ਹੋਰ ਬਚਾਇ ਗਿਆ।
ਸਾਈਂ ਸਚੇ ਦੇ ਦਰਵਾਜ਼ੇ, ਮੱਥੇ ਟਿੱਕਾ ਲਾਇ ਗਿਆ।
ਵਾਰ ਗਿਆ ਤਨ ਨਾਸ਼ਮਾਨ ਅਰ, ਅਟੱਲ ਮਰਤਬਾ ਪਾਇ ਗਿਆ।