ਭਾਈ ਦਇਆਲਾ ਜੀ ਦਾ ਬਲੀਦਾਨ
ਗੁਰੂ ਘਰ ਦਾ ਸ਼ਰਧਾਲੂ ਸਿਦਕੀ ਪ੍ਰੇਮੀ ਭਾਈ ਦਿਆਲਾ।
ਗੁਰੂ ਉਪਦੇਸ਼ ਨਦੀ ਤੋਂ ਜਿਸ ਨੇ ਪੀਤਾ ਪ੍ਰੇਮ ਪਿਆਲਾ।
ਨਾਮ ਰੰਗ ਦੇ ਪਿਆ ਕੜਾਹੇ, ਰੰਗ ਮਜੀਠੀ ਚੜ੍ਹਿਆ।
ਦੁਨੀਆਂ ਦੇ ਮਦ ਮੋਹ ਤਯਾਗ ਕੇ ਸਤਸੰਗਤ ਵਿਚ ਵੜਿਆ।
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਦਰਸ਼ਨ ਦਾ ਵਣਜਾਰਾ।
ਸਤਿਨਾਮ ਦਾ ਭਜਨ ਕਰੇ ਅਰ ਧਰਮ ਕ੍ਰਿਤ ਦਾ ਪਯਾਰਾ।
ਝਾਕ ਜਗਤ ਦੀ ਕੂੜੀ ਤਜ ਕੇ ਸੱਚ ਵਿਹਾਝਣ ਆਯਾ।
ਜੀਉਂਦੇ ਜੀ ਮੁਰਦਾ ਹੋ ਰਹਿਆ, ਆਪਣਾ ਆਪ ਗਵਾਯਾ।
ਦਯਾ, ਗਰੀਬੀ, ਸੇਵਾ ਦਾ ਸੀ, ਮਨ ਵਿਚ ਚਾਉ ਘਨੇਰਾ।
ਖਿਮਾ, ਸ਼ੀਲ, ਸੰਤੋਸ਼ ਵਿਖੇ ਸੀ, ਸੁਰਤ ਜਮਾਯਾ ਡੇਰਾ।
ਸਤਿਗੁਰ ਦੇ ਉਪਦੇਸ਼ਾਂ ਵਿੱਧਾ, ਮਾਲਾ ਗਿਆ ਪਰੋਤਾ।
ਜਨਮ ਜਨਮ ਦੀ ਪਾਪ ਮੈਲ ਨੂੰ ਨਾਮ ਸਬੂਣੀ ਧੋਤਾ।
ਸ਼ੀਸ਼ੇ ਵਾਂਗਰ ਨਿਰਮਲ ਹਿਰਦਾ, ਮੱਥੇ ਲਾਲੀ ਲਸਦੀ।
ਸੁਰਤ ਗੁਰੂ ਕੇ ਚਰਨਾਂ ਦੇ ਵਿੱਚ, ਰਹੇ ਹਮੇਸ਼ਾਂ ਵਸਦੀ।
ਪ੍ਰੇਮ ਨਦੀ ਦੇ ਵਹਿਣੀ ਪੈ ਕੇ, ਆਪਾ ਸਾਰਾ ਭੁੱਲਾ।
ਸੰਗਤ ਦੇ ਚਰਨਾਂ ਵਿਚ ਰਹਿੰਦਾ, ਬਣ ਗੋਲਾ ਅਣਮੁੱਲਾ।
ਟਹਿਲ ਕਮਾਵੇ, ਪਾਪ ਗਵਾਵੇ, ਪਾਵੇ ਪਦ ਨਿਰਬਾਣੀ।
ਹੱਥ ਕਰਨ ਸੰਗਤ ਦੀ ਸੇਵਾ, ਮੁਖ ਉਚਰੇ ਗੁਰਬਾਣੀ।
ਲੱਭਾ ਆਪਣਾ ਆਪ ਗੁਆਚਾ, ਗੁਰੂ ਕਪਾਟ ਖੁਲ੍ਹਾਏ।
ਸੇਵਾ, ਨਾਮ, ਦੁਹਾਂ ਬਿਨ ਮਨ ਨੂੰ, ਹੋਰ ਨ ਕੁਝ ਭੀ ਭਾਏ।
ਰੁੱਖੀ ਮਿੱਸੀ ਜੋ ਮਿਲ ਜਾਵੇ, ਉਸ ਨੂੰ ਵੰਡ ਛਕੌਂਦਾ।
ਤੰਗੀ ਤੁਰਸ਼ੀ ਦੁੱਖ ਬਣੇ ਵਿਚ, ਸ਼ੁਕਰ ਅਕਾਲ ਕਰੇਂਦਾ।