ਭਾਈ ਦਇਆਲਾ ਜੀ ਦਾ ਦਿੱਲੀ ਜਾਣਾ
ਸ੍ਰੀ ਗੁਰੂ ਤੇਗ਼ ਬਹਾਦਰ ਜੀ ਜਦ, ਸ਼ਾਹ ਉਰੰਗ ਬੁਲਾਏ।
ਬਲੀ ਚੜ੍ਹਾਵਣ ਸੀਸ ਗੁਰੂ ਜੀ. ਦਿੱਲੀ ਦੇ ਵਿਚ ਆਏ।
ਸਿਦਕੀ ਸਿੱਖ ਨਾਲ ਬਹੁ ਆਏ, ਗੁਰੂ ਚਰਨਾਂ ਦੇ ਪਯਾਰੇ।
ਭਾਈ ਦਇਆਲਾ ਪਹੁਤਾ ਸੀਗਾ, ਓਨ੍ਹਾਂ ਦੇ ਵਿਚਕਾਰੇ।
ਸ਼ਾਹ ਉਰੰਗੇ ਅੱਤ ਉਠਾਈ, ਦੇਸ਼ ਬੜਾ ਕਲਪਾਯਾ।
ਹਿੰਦੂ ਧਰਮ ਨੂੰ ਨਾਸ਼ ਕਰਨ ਦਾ ਬੀੜਾ ਦਿਲੋਂ ਉਠਾਯਾ।
ਗੱਲੇ ਕੱਥੇ ਫੜ ਫੜ ਮਾਰੇ, ਡਾਢੇ ਕਸ਼ਟ ਦਿਵਾ ਕੇ।
ਧੱਕੇ ਜ਼ੋਰੀ ਦੀਨ ਮਨਾਵੇ, ਧਰਮੇਂ ਪਤਿਤ ਕਰਾ ਕੇ।
ਭਾਈ ਦਇਆਲਾ ਜੀ ਵੀ ਆਏ. ਵਿਚ ਧਰਮ ਪਰਤਾਵੇ।
ਹੁਕਮ ਚੜ੍ਹਾਯਾ ਭਾਈ ਜੀ ਨੂੰ, ਬਹਿ ਨਾਲ ਅਸਾਡੇ ਖਾਵੇ।
ਨਹਿਂ ਤਾਂ ਡਾਢੇ ਕਸ਼ਟ ਪੁਚਾ ਕੇ ਇਸ ਦੀ ਜਾਨ ਮੁਕਾਓ।
ਦੇਗ ਉਬਲਦੀ ਪਾਣੀ ਦੀ ਵਿਚ, ਪਾ ਕੇ ਭੱਠ ਚੜ੍ਹਾਓ।
ਮੁੱਲਾਂ ਦੀ ਹੀਲੇਬਾਜੀ ਤੇ ਭਾਈ ਜੀ ਨੂੰ ਲਾਲਚ ਦੇਣੇ
ਇਕ ਪੁਰਾਣਾ ਮੁੱਲਾਂ ਆਯਾ, ਲੱਗਾ ਵਾਅਜ਼ ਸੁਣਾਣੇ।
ਸਾਗਰ ਦੇ ਤਾਰੂ ਨੂੰ ਲੱਗਾ, ਛੱਪੜ ਛੰਭ ਵਿਖਾਣੇ।
"ਸੁਣ ਸ਼ਕਸਾ ! ਜੋ ਹੁਕਮ ਸ਼ਾਹ ਨੇ, ਤੇਰੇ ਲਈ ਸੁਣਾਯਾ।
ਤੇਰੀ ਖਾਸ ਭਲਾਈ ਦਾ ਹੈ, ਬੀੜਾ ਅਸਾਂ ਉਠਾਯਾ।
ਤੂੰ ਇਕ ਔਝੜ ਦੇ ਵਿਚ ਫਸ ਕੇ, ਬਿਰਥਾ ਉਮਰ ਗਵਾਈ।
ਕੁਫਰ ਅਤੇ ਬੇਖਬਰੀ ਦੇ ਵਿਚ, ਅਸਲੀ ਰਾਹ ਭੁਲਾਈ।
ਬਾਦਸ਼ਾਹ ਦਇਆਲੂ ਸਾਡਾ, ਜਾਲ ਕੁਫਰ ਦਾ ਤੋੜੇ।
ਰਾਹ ਖੁਦਾਈ ਦੇ ਵਲ ਖਲਕਤ ਬਦੋ ਬਦੀ ਫੜ ਮੋੜੇ।
ਖੀਰ ਖੁਆਈਏ ਬੰਨ੍ਹ, ਤੁਹਾਨੂੰ, ਖੇਚਲ ਆਪ ਉਠਾ ਕੇ।
ਰਾਹ ਖੁਦਾਈ ਦੱਸਦੇ ਫਿਰੀਏ, ਰੋਟੀ ਘਰ ਤੋਂ ਖਾ ਕੇ।
ਐਸੇ ਆਦਲ ਸ਼ਾਹ ਦਾ ਚਾਹੀਏ, ਦਿਲ ਥੀ ਸ਼ੁਕਰ ਬਜਾਯਾ।
ਜਿਸ ਨੇ ਤੁਸਾਂ ਜਹੰਨਮੀਆਂ ਹਿਤ, ਸ਼ਾਹੀ ਰਾਹ ਖੁਲਾਯਾ।
ਦੀਨ ਮੁਹੰਮਦੀ ਦੇ ਜੋ ਵਾਧੇ, ਕੀ ਕੀ ਦੱਸ ਸੁਣਾਵਾਂ।
ਇਕ ਖੂਬੀ ਨਾ ਵਰਣਨ ਹੋਵੇ, ਲੱਖ ਜੀਭ ਜੇ ਪਾਵਾਂ।