ਦੀਨ ਵਧਾਉਣ ਹੇਤ ਤੁਸਾਂ ਜੋ, ਚਾਈ ਧੱਕਾ ਸ਼ਾਹੀ।
ਦੇਸ਼ ਨਿਮਾਣੇ ਦੇ ਸਿਰ ਉੱਪਰ, ਆਂਦੀ ਘੋਰ ਤਬਾਹੀ।
ਜੇ ਹੈ ਦੀਨ ਤੁਹਾਡਾ ਚੰਗਾ, ਕਰੋ ਪਏ ਤਲਕੀਨਾ।
ਜਿਸ ਨੂੰ ਚੰਗਾ ਲੱਗੇਗਾ, ਓਹ ਲਾਊ ਦੇਰ ਰਤੀ ਨਾ।
ਸਿਦਕ ਯਕੀਨ ਭਰੋਸਾ ਕਰਕੇ, ਜੋ ਇਸਲਾਮ ਕਬੂਲੇ।
ਉਸ ਨੂੰ ਨਾਲ ਰਲਾਓ, ਪਰ ਨਾ ਪਾਓ, ਫੜ ਫੜ ਜੂਲੇ।
ਲਹੂ ਵਹਾ ਕੇ, ਡਰ ਦਿਖਲਾ ਕੇ ਜੇਕਰ ਦੀਨ ਵਧਾਯਾ।
ਉਹ ਮੋਮਨ ਕਾਹਦਾ ਹੋਵੇਗਾ, ਸਿਦਕ ਨ ਜਿਸ ਨੂੰ ਆਯਾ।
ਹਉਮੈਂ ਤਿਆਗੀ ਦੇ ਲੱਛਣ
"ਹੂਰਾਂ ਗਿਲਮਾਨਾਂ ਅਰ ਜੰਨਤ ਦੇ, ਫਲ ਮੇਵੇ ਸਾਰੇ।
ਬੇਸ਼ਕ ਜੇਹੜਾ ਲੋਭੀ ਹੋਵੇ, ਉਸ ਨੂੰ ਲੱਗਣ ਪਿਆਰੇ।
ਪਰ ਮੈਂ ਤਾਂ ਮੁਰਦਾ ਹਾਂ ਮਨ ਦਾ, ਰਸ ਕਸ ਸਾਰੇ ਭੁੱਲੇ।
ਤ੍ਰਿਪਤੀ ਆਈ ਗੁਰੂ ਚਰਨਾਂ ਦੇ ਪੀ ਕੇ ਅੰਮ੍ਰਿਤ ਚੁੱਲੇ।
ਸੁਰਗ, ਨਰਕ, ਦੋਜ਼ਖ ਅਰ ਜੰਨਤ, ਸੱਭੇ ਲੱਥੇ ਜੀ ਤੋਂ।
ਵਾਰ ਛੱਡੀ ਤ੍ਰਿਭਵਣ ਦੀ ਮਾਯਾ, ਫੜ ਕੇ ਗੁਰਸਿੱਖੀ ਤੋਂ।
ਗੁਰਸਿੱਖੀ ਦੇ ਤੁੰਮੇ ਲੱਗਣ ਖਰਬੂਜ਼ੇ ਤੋਂ ਮਿੱਠੇ।
ਜੰਨਤ ਦੇ ਸੁਖ ਤੁੱਛ ਦਿਸਾਵਨ, ਜੋ ਸਿੱਖੀ ਦੇ ਸੁਖ ਡਿੱਠੇ।
ਆਤਮ ਮਦ ਦੀ ਮਸਤੀ ਦੇ ਵਿਚ ਆਵਣ ਇਹੋ ਹੁਲਾਰੇ।
ਅੱਖ ਪਰਤ ਨਾ ਵੇਖਣ ਨੂੰ, ਜੀ ਚਾਹੇ ਸੁਰਗ ਦੁਆਰੇ।
ਤਾਂ ਤੇ ਕ੍ਰਿਪਾ ਕਰੋ ਅਰ ਮੈਨੂੰ, ਹੋਰ ਨ ਬਹੁਤ ਅਕਾਓ।
ਆਤਮ ਰਸ ਮੇਰੇ ਵਿਚ, ਗੱਲਾਂ ਕਰਕੇ ਭੰਗ ਨਾ ਪਾਓ।
ਵਾਹਿਗੁਰੂ ਉਹ ਘੜੀ ਨ ਲਯਾਵੇ, ਧਰਮ ਤਯਾਗ ਕੇ ਜੀਵਾਂ।
ਨਾਮ ਅੰਮ੍ਰਿਤ ਦੇ ਬਾਝ ਅਧਰਮੀ, ਪਾਣੀ ਭੀ ਜੇ ਪੀਵਾਂ।
ਪਿਤਾ ਪ੍ਰਭੂ ਦੇ ਭਾਣੇ ਵਿਚ, ਦੁੱਖ ਭੀ ਜੇਕਰ ਆਵੇ।
ਗੁਰਸਿੱਖਾਂ ਨੂੰ ਓਸ ਸਮੇਂ ਵੀ, ਸੁਖ ਹੀ ਪਿਆ ਦਿਸਾਵੇ"।
ਮੁੱਲਾਂ ਦੀ ਅਨੀਤੀ ਤੇ ਜ਼ੁਲਮ ਅਤੇ ਭਾਈ ਜੀ ਦੀ ਅਡੋਲਤਾ
ਖੱਟੇ ਦੰਦ ਹੋਏ ਮੁੱਲਾਂ ਦੇ, ਬੋਲ ਨ ਅੱਗੋਂ ਸੱਕੇ।
ਡੇਲੇ ਕੱਢੇ, ਲਾਲ ਕਰ ਚੇਹਰਾ, ਬਿਰ ਬਿਰ ਸਾਹਵੇਂ ਤੱਕੇ।