Back ArrowLogo
Info
Profile

ਖਿਝ ਕੇ ਕਿਹਾ ਜਲਾਦਾਂ ਨੂੰ, “ਪਾਣੀ ਦੀ ਦੇਗ਼ ਤਪਾਓ।

ਅਰ ਇਸ ਮੁਜ਼ੀ ਕਾਫ਼ਰ ਨੂੰ ਉਸ ਦੇ ਵਿਚ ਤੁਰਤ ਬਿਠਾਓ"।

ਓਧਰ ਅੱਗ ਬਲੀ ਅਰ ਲੱਗਾ, ਤੱਤਾ ਹੋਵਣ ਪਾਣੀ।

ਏਧਰ ਭਾਈ ਦਿਆਲਾ ਜੀ ਨੇ, ਛੋਹੀ ਅੰਮ੍ਰਿਤ ਬਾਣੀ।

ਸ਼ਾਂਤ ਅਰ ਏਕਾਂਤ ਚਿੱਤ ਥੀਂ, ਜਪੁਜੀ ਸਾਹਿਬ ਉਚਾਰੀ।

ਕਰ ਅਰਦਾਸ ਅਕਾਲ ਪਾਸ, ਚੱਲਣ ਹਿਤ ਕਰੀ ਤਯਾਰੀ।

ਏਨੇ ਚਿਰ ਨੂੰ ਪਾਣੀ ਓਧਰ, ਲੱਗਾ ਖਾਣ ਉਬਾਲਾ।

ਫੜ ਜਲਾਦਾਂ ਵਿਚ ਬਿਠਾਯਾ, ਸਿਦਕੀ ਸਿੱਖ ਦਿਆਲਾ।

ਉੱਪਰ ਉਸ ਦੇ ਢੱਕਣ ਦੇ ਕੇ, ਅਪਣਾ ਪਾਪ ਛੁਪਾਂਦੇ।

ਮਤ ਅਕਾਸ਼ ਨਾ ਦੇਖ ਲਏ ਨਿਰਦਈ ਕੁਕਰਮ ਅਸਾਂ ਦੇ।

'ਸੀ' ਨਾ ‘ਹਾਇ' ਅਵਾਜ਼ਾ ਆਯਾ, ਨਾ ਕੁਝ ਵਾਹਰ ਪਾਈ।

"ਵਾਹਿਗੁਰੂ” ਦੀ ਦੋ ਤਿੰਨ ਵਾਰੀ, ਦਿੱਤੀ ਵਾਜ ਸੁਣਾਈ।

ਤਰਵਰ ਬੈਠਾ ਪੰਛੀ ਸੀ ਇਕ, ਗੁਟਖੂੰ ਗੁਟਖੂੰ ਕਰਦਾ।

ਪਯਾਰੀ ਪਯਾਰੀ ਬੋਲ ਬੋਲੀਆ, ਮਨ ਸਭ ਦੇ ਸੀ ਹਰਦਾ।

ਉੱਡ ਗਿਆ ਅੱਜ ਤਿਆਗ ਆਲ੍ਹਣਾ, ਲੰਮੀ ਮਾਰ ਉਡਾਰੀ।

ਮੋਹ ਮੁਸਾਫਰਖਾਨੇ ਦਾ ਤੱਜ, ਚੜਿਆ ਉੱਚ ਅਟਾਰੀ।

ਖਿੜਯਾ ਫੁੱਲ ਬਗੀਚੇ ਦਾ, ਇਕ ਹੋਯਾ ਪੱਤਾ ਪੱਤਾ।

ਆਪਾ ਵਾਰ ਸੁਗੰਧ ਦੇ ਗਿਆ, ਕੁਰਬਾਨੀ ਵਿਚ ਮੱਤਾ।

ਦੁਨੀਆਂ ਨੂੰ ਸਿਖਲਾਇ ਤੁਰ ਗਿਆ, ਕੁਰਬਾਨੀ ਦੀ ਰੀਤੀ।

ਜਿੰਦੜੀ ਵਾਰ ਨਿਬਾਹੀ ਆਪਣੀ, ਧੁਰ ਸਿੱਖੀ ਦੀ ਪ੍ਰੀਤੀ।

ਲੀਹਾਂ ਪਾਈਆਂ ਹੋਰਾਂ ਖਾਤਰ, ਆਪਣਾ ਆਪ ਗੁਆ ਕੇ।

ਖੇਡ ਪ੍ਰੇਮ ਦੀ ਖੇਡ ਗਿਆ, ਤਲੀਆਂ ਪਰ ਸੀਸ ਟਿਕਾ ਕੇ।

ਆਪ ਪਾ ਗਿਆ ਪਦ ਅਬਿਨਾਸੀ, ਛੋੜ ਗਿਆ ਜਸ ਬਾਕੀ।

ਗੁਰਸਿੱਖੀ ਦੇ ਸਿਦਕ ਭਰੋਸੇ, ਦੀ ਦਿਖਲਾ ਕੇ ਝਾਕੀ।

ਵਾਹਿਗੁਰੂ ਦਰ ਪੈਧਾ ਪਹੁੰਚਾ, ਸੱਚਾ ਸਿਦਕ ਕਮਾ ਕੇ।

ਜੋਤ ਵਿਚ ਜਾ ਜੋਤ ਸਮਾਈ, ਚੋਲਾ ਪਰੇ ਹਟਾ ਕੇ।

41 / 173
Previous
Next