ਦੋਹਿਰਾ॥
ਤਨ ਛੋਟੇ ਸਾਹਸ ਬਡੇ, ਦਸਮ ਗੁਰੂ ਦੇ ਲਾਲ।
ਜਾਨਾਂ ਉੱਪਰ ਖੇਡ ਕੇ, ਧਰਮ ਲੈ ਗਏ ਨਾਲ।
ਸੱਯਾਦ ! ਤੇਰਾ ਦਿਲ ਭੀ ਹੈ ਪੱਥਰ ਕਿਹੋ ਜਿਹਾ?
ਗਰਮੀ ਨ ਠੰਢ, ਜਲ ਨ ਪਸੀਨਾ ਹੈ ਸਿੰਮਦਾ।
ਫੁੱਲਾਂ ਨੇ ਖਿੜ ਬਹਾਰ ਦਿਖਾਣੀ ਸੀ ਚਾਰ ਦਿਨ।
ਤੂੰ ਪਤਝੜੀ ਤੋਂ ਪ੍ਰਿਥਮ ਹੀ ਬਰਬਾਦ ਕਰ ਲਿਆ।
ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਦੀ ਧਰਮ ਜੁੱਧ ਵਿਚ ਸ਼ਹਾਦਤ
ਆ ਕੌਮ ! ਜ਼ਰਾ ਹੁਣ ਦੂਜੇ ਪਾਸੇ ਝਾਤ ਮਾਰੀਏ।
ਅਰ ਭਾਰਤ ਦੇ ਪ੍ਰਤਿਪਾਲ ਗੁਰੂ ਦੇ ਦੁਖ ਨਿਹਾਰੀਏ।
ਆਨੰਦ ਪੁਰੋਂ ਪਰਵਾਰ ਸਣੇ ਜਦ ਸਤਿਗੁਰ ਚੱਲੇ।
ਤੁਰਕਾਂ ਨੇ ਤੋੜ ਸੁਗੰਧ ਮਗਰ ਕਰ ਦਿੱਤੇ ਹੱਲੇ।
ਗਿਣਤੀ ਦੇ ਜੋਧੇ ਨਾਲ, ਚਿਰਾਂ ਦੇ ਭੁੱਖੇ ਭਾਣੇ।
ਅਰ ਦੂਜੇ ਪਾਸੇ ਤੁਰਕ ਫੌਜ ਦੇ ਕਟਕ ਮੁਹਾਣੇ।
ਇਕ ਪਾਸੇ ਉੱਚ ਸੁਮੇਰ, ਦੂਸਰੇ ਪਾਸੇ ਰਾਈ।
ਮੁੱਠੀ ਭਰ ਸਿੱਖਾਂ ਨਾਲ ਕਿਸ ਤਰ੍ਹਾਂ ਨਿਭੇ ਲੜਾਈ।
ਪਰ ਕਲਗੀਧਰ ਨੇ ਸ਼ੇਰ ਇਜੇਹੇ ਸਨ ਬਣਾਏ।
ਜੋ ਸਵਾ ਲੱਖ ਪਰ ਇੱਕ ਇੱਕ ਭਾਰੂ ਹੋਇ ਵਿਖਾਏ।
ਇਸ ਹਿੰਮਤ ਪਰ ਦਸਮੇਸ਼ ਡੱਟ ਗਏ ਸਾਹਵੇਂ ਹੋ ਕੇ।
ਅਰ ਦਿੱਤੇ ਓਹ ਜਵਾਬ ਵਿਚ ਮੈਦਾਨ ਖਲੋ ਕੇ।
ਰਹਿ ਗਏ ਤੁਰਕ ਹੈਰਾਨ ਬੀਰ ਸ਼ੇਰਾਂ ਦੇ ਅੱਗੇ।
ਜੋ ਇੱਕ ਇੱਕ ਸੌ ਸੌ ਨਾਲ, ਜੁੱਧ ਵਿਚ ਪੂਰਾ ਤੱਗੇ।
ਅੰਧੇਰੇ ਵਿਚ ਤਲਵਾਰ ਦਿੱਸਦੀ ਇਵੇਂ ਚਿਲ੍ਹਕਦੀ।
ਸਾਵਣ ਮਾਹ ਮੇਘਾਂ ਵਿਚ ਦਾਮਨੀ ਜਿਵੇਂ ਨਿਕਲਦੀ।
ਤੀਰਾਂ ਦਾ ਵੱਸੇ ਮੀਂਹ ਲਾਹੁੰਦਾ ਸੱਥਰ ਜਾਵੇ।
ਬੰਦੂਕਾਂ ਦੀ ਬੁਛਾੜ ਸੂਰਮੇ ਭੁੰਜ ਲਿਟਾਵੇ।
ਲੜ ਲੜ ਹੋ ਜਿਲਹਾਲ ਖ਼ਾਲਸੇ ਰੰਗ ਮਚਾਯਾ।
ਭੁੱਖ ਢਿੱਡਾਂ ਦੇ ਨਾਲ ਰੜੇ ਵਿਚ ਜੰਗ ਮਚਾਯਾ।