ਇਤਨੇ ਨੂੰ ਰਸਤਾ ਰੋਕ ਖੜੋਤਾ ਸਰਸਾ ਨਾਲਾ।
ਜਲ ਨਿਕਲੇ ਹੜ ਦੇ ਨਾਲ ਕੰਡਿਓਂ ਮਾਰ ਉਛਾਲਾ।
ਇਸ ਸਮੇਂ ਬੜਾ ਘਮਸਾਨ ਖ਼ਾਲਸੇ ਬੀਰ ਮਚਾਯਾ।
ਅਰ ਲੜ ਭਿੜ ਕੇ ਸਾਮਾਨ ਨਦੀ ਤੋਂ ਪਾਰ ਕਰਾਯਾ।
ਹੋ ਬਹੁਤੇ ਗਏ ਸ਼ਹੀਦ ਅਨੇਕਾਂ ਲਹੂ ਵਹਾ ਕੇ।
ਰੋਕੀ ਰੱਖੀ ਪਰ ਫੌਜ ਸਾਹਮਣੇ ਪਰ੍ਹਾ ਜਮਾ ਕੇ।
ਖਾਂਦੇ ਹਨ ਹਿੱਕਾਂ ਠੋਕ ਬਰਛੀਆਂ ਅਰ ਤਲਵਾਰਾਂ।
ਹੁੰਦੇ ਹਨ ਅੰਤ ਸ਼ਹੀਦ ਮਾਰ ਕੇ ਕਈ ਸਵਾਰਾਂ।
ਸਤਿਗੁਰੂ ਹੋ ਗਏ ਪਾਰ ਨਦੀ ਤੋਂ ਏਨੇ ਤਾਈਂ।
ਅਰ ਡੋਲੇ ਦਿੱਤੇ ਭੇਜ ਹੋਰਨੀ ਪਿੰਡੀਂ ਥਾਈਂ।
ਹੁਣ ਬਾਕੀ ਰਹਿ ਗਏ ਨਾਲ ਗੁਰੂ ਦੇ ਸੂਰੇ ਚਾਲੀ।
ਬਾਕੀ ਦੇ ਹੋਏ ਸ਼ਹੀਦ ਦੇਸ਼ ਦੀ ਰੱਖ ਵਿਖਾਲੀ।
ਚਾਲੀ ਬੀਰਾਂ ਦੇ ਨਾਲ ਸਤਿਗੁਰੂ ਤੁਰੇ ਅਗੇਰੇ।
ਅਰ ਹੱਲਾ ਕਰ ਚਮਕੌਰ ਜਾਇ ਕੇ ਪਾਏ ਡੇਰੇ।
ਇਕ ਟੁੱਟਾ ਜਿਹਾ ਮਕਾਨ ਮੰਗ ਕੇ ਛੌਣੀ ਪਾਈ।
ਬੈਠੇ ਸ਼ਸਤਰ ਸੰਭਾਲ ਛਿੜ ਪਈ ਫੇਰ ਲੜਾਈ।
ਸਿੱਖ ਬੀਰਾਂ ਦੀਆਂ ਔਕੜਾਂ ਤੇ ਗੁਰ ਉਪਕਾਰ
ਉਸ ਪਾਸੇ ਤੁਰਕੀ ਫੌਜ ਦਸ 'ਲੱਖ ਤੋਂ ਬਾਹਲੀ।
ਅਰ ਏਹ ਆਟੇ ਵਿਚ ਲੂਣ ਗੇਣਵੇਂ ਸੂਰੇ ਚਾਲੀ।
ਇਸ ਵੇਲੇ ਡਾਢੇ ਔਖ ਆਣ ਕੇ ਘੇਰਾ ਪਾਯਾ।
ਪਰ ਇਸ ਦੁੱਖ ਵਿਚ ਭੀ ਦੇਸ਼ ਰਖ੍ਯਕਾਂ ਜੀ ਨਾ ਢਾਯਾ।
ਇਕ ਸੂਰਾ ਤੇਗਾਂ ਧੂਹ ਵੈਰੀਆਂ ਸਾਹਵੇਂ ਆਵੇ।
ਅਰ ਵੜ ਤੁਰਕਾਨੀ ਖੇਤ ਗਾਜਰਾਂ ਵਾਂਗ ਮੁਕਾਵੇ।
ਸੌ ਸੌ ਦੋ ਦੋ ਸੌ ਮਾਰ ਅੰਤ ਨੂੰ ਪਾਣ ਸ਼ਹੀਦੀ।
ਜਾ ਪਹੁੰਚਣ ਸੱਚੇ ਧਾਮ ਪਾਲ ਕੇ ਪੀਰ ਮੁਰੀਦੀ।
ਅੰਦਰ ਸਤਿਗੁਰ ਜੀ ਆਪ ਬੈਠ ਕੇ ਵਿੱਚ ਚੁਬਾਰੇ।
ਆਪਣੇ ਹੱਥਾਂ ਦੇ ਨਾਲ ਚਲਾਵਨ ਤੀਰ ਕਰਾਰੇ।
ਬਾਣਾਂ ਦੀ ਛਿੜੀ ਫੁਹਾਰ ਸੌਣ ਦੀ ਘਟਾ ਭੁਲਾਵੇ।
ਛੁੱਟੇ ਜੋ ਕਮਾਨੇ ਤੀਰ ਵਿੰਨ੍ਹਦਾ ਦਸ ਦਸ ਜਾਵੇ।
ਪਰ ਓਧਰ ਭੀ ਸੀ ਤੁਰਕ ਫੌਜ ਅਨਗਿਣਤ ਖਲੋਤੀ।
ਤੀਰਾਂ ਦੀ ਵਰਖਾ ਨਾਲ ਨ ਸਾਰੀ ਜਾਇ ਪਰੋਤੀ।