ਵੀਹ ਪੰਝੀ ਗੁਰੂ ਦੇ ਸ਼ੇਰ ਕਿਲ੍ਹੇ ਤੋਂ ਬਾਹਰ ਨਿਕਲ ਕੇ।
ਹੋ ਚੁਕੇ ਸਨ ਸ਼ਹੀਦ ਅਨੇਕਾਂ ਤੁਰਕ ਕੁਚਲ ਕੇ।
ਪਰ ਤੁਰਕੀ ਦਲ ਦਾ ਜ਼ੋਰ ਪਲੋ ਪਲ ਵਧਦਾ ਜਾਵੇ।
ਅਰ ਹੱਲਾ ਗੱਲਾ ਬੋਲ ਇਨ੍ਹਾਂ ਪਰ ਚੜ੍ਹਦਾ ਆਵੇ।
ਸਾਹਿਬਜ਼ਾਦੇ ਅਜੀਤ ਸਿੰਘ ਜੀ ਦੀ ਪਿਤਾ ਤੋਂ ਰਣਿ ਭੂਮੀ ਵਿਚ ਸਾਹਮਣੇ ਸ਼ਹੀਦ ਹੋਣ ਦੀ ਆਗਿਆ ਮੰਗਣੀ
ਸਾਹਿਬ ਅਜੀਤ ਸਿੰਘ, ਲਾਲ ਗੁਰੂ ਸਾਹਿਬ ਦੇ ਵੱਡੇ।
ਇਹ ਦੇਖ ਮਚੀ ਘਮਸਾਨ ਪ੍ਰੇਮ ਦੇ ਹੰਝੂ ਛੱਡੇ।
ਉੱਠ ਖੜੇ ਹੋਇ ਹੱਥ ਜੋੜ ਆਗਿਆ ਲੈਣੀ ਚਾਹੀ।
"ਹੇ ਪਿਤਾ ! ਹੁਕਮ ਜੇ ਹੋਇ ਤਾਂ ਮੈਂ ਭੀ ਬਣਾਂ ਸਿਪਾਹੀ।
ਦਿਖਲਾ ਕੇ ਆਪਣਾ ਹੱਥ ਇਨ੍ਹਾਂ ਦੀ ਗਰਦਨ ਤੋੜਾਂ।
ਅਰ ਵਧੀ ਆਉਂਦੀ ਫੌਜ ਆਪਣੇ ਅੱਗੋਂ ਹੋੜਾਂ"।
ਸਤਿਗੁਰਾਂ ਦੀ ਸਾਹਿਬਜ਼ਾਦੇ ਨੂੰ ਪ੍ਰਵਾਨਗੀ
ਸਤਿਗੁਰ ਸੁਣ ਕੇ ਇਹ ਵਾਕ ਹੱਸ ਕੇ ਹੁਕਮ ਸੁਣਾਯਾ,
"ਹੇ ਪੁਤ੍ਰ ! ਬੀਰ ਬਣ ਚਾਹੀਏ ਏਥੇ ਜ਼ੋਰ ਦਿਖਾਯਾ।
ਛਤ੍ਰੀ ਦਾ ਹੈ ਇਹ ਫਰਜ਼ ਧਰਮ ਤੇ ਤੇਗ਼ ਚਲਾਵੇ,
ਆਪਣੇ ਸਰੀਰ ਨੂੰ ਵਾਰ ਦੁਖੀ ਦੀ ਜਾਨ ਬਚਾਵੇ।
ਤੂੰ, ਧੰਨ ਭਾਗ, ਲੱਖ ਜਾਹੁ ਸ਼ੇਰ ਬਣ ਹੱਲਾ ਕਰ ਲੈ,
ਅਰ ਭੇਡਾਂ ਦਾ ਦਲ ਗਰਜ ਮਾਰ ਕੇ ਅੱਗੇ ਧਰ ਲੈ"।
ਇਹ ਪਾਇ ਪਿਤਾ ਦਾ ਹੁਕਮ ਸਾਹਿਬ ਨੇ ਕਰੀ ਸਵਾਰੀ,
ਹੋਇ ਤਿਆਰ ਲੈ ਨੇਜ਼ਾ ਢਾਲ ਅਤੇ ਤਲਵਾਰ ਸੰਭਾਰੀ।
ਦੋ ਚਾਰ ਬਹਾਦੁਰ ਸਿੰਘ ਆਪਣੇ ਪਿੱਛੇ ਲਾਏ,
ਅਰ ਉੱਚੀ ਫਤਿਹ ਗਜਾਇ ਜੁੱਧ ਭੂਮੀ ਵਿਚ ਆਏ।
ਸ਼ੇਰਾਂ ਵਤ ਗਰਜਾਂ ਮਾਰ ਆਣ ਇਉਂ ਖੰਡੇ ਵਾਹੇ,
ਇਕ ਪਲਕ ਵਿੱਚ ਅਣਗਿਣਤ ਤੁਰਕਾਂ ਦੇ ਆਹੂ ਲਾਹੇ
ਜਿਉਂ ਖੇਤੀ ਦੀ ਕਿਰਸਾਣ ਥੱਲਿਓਂ ਕਰੇ ਸਫਾਈ।
ਤਿਉਂ ਤੁਰਕਾਂ ਦੀ ਇਸ ਬੀਰ ਬਾਂਕੁਰੇ ਘਿਟੀ ਲਾਹੀ।
ਛੱਤਰੀ ਧਰਮ ਦੀ ਸ੍ਰੇਸ਼ਟਤਾ ਨਿਬਾਹ ਦਿੱਤੀ
ਮੁਰਦਿਆਂ ਦੇ ਢੇਰਾਂ ਵਿਚੋਂ ਆਪ ਸੇ ਰੁਕ ਰੁਕ ਤੁਰਦੇ।
ਲਹੂ ਦੇ ਵਹਿਣਾਂ ਵਿਚ ਤਾਰੀਆਂ ਲੈਂਦੇ ਮੁਰਦੇ।