ਇਹ ਦੇਖ ਬਹਾਦੁਰ ਗੁਰੂ ਪੁਤ੍ਰ ਦਾ ਹੱਲਾ ਗੱਲਾ;
ਤੁਰਕੀ ਦਲ ਇਕ ਜ਼ਬਾਨ ਪੁਕਾਰੇ 'ਤੋਬਾ ਅੱਲਾ'।
ਜਿਸ ਪਾਸੇ ਨੂੰ ਇਹ ਲਾਲ ਉਠਾਂਦਾ ਤੇਗਾ ਜਾਵੇ;
ਉਸ ਪਾਸੇ ਤੇਗ਼ ਚਲਾਇ ਲਹੂ ਦੇ ਵਹਿਣ ਵਗਾਵੇ।
ਵੈਰੀ ਦੇ ਵਾਰਾਂ ਨਾਲ ਫੱਟ ਹਨ ਪਏ ਬਥੇਰੇ।
ਪਰ ਫਿਰ ਭੀ ਮਾਰੋ ਮਾਰ ਕਰੇਂਦਾ ਜਾਇ ਅਗੇਰੇ।
ਜਾ ਪਹੁੰਚਾ ਦਲ ਵਿਚਕਾਰ ਤੇਗ਼ ਦੀ ਪਯਾਸ ਬੁਝਾਂਦਾ।
ਵੈਰੀ ਦੇ ਲਹੂ ਨਾਲ ਧਰਨਿ ਪਰ ਰੰਗ ਖਿੰਡਾਂਦਾ।
ਹੁਣ ਰੱਜ ਗਈ ਤਲਵਾਰ ਲਹੂ ਨੂੰ ਵੀਟ ਵੀਟ ਕੇ।
ਤੁਰਕਾਂ ਨੇ ਲੀਤਾ ਘੇਰ ਦੰਦੀਆਂ ਮੀਟ ਮੀਟ ਕੇ।
ਫੌਜਾਂ ਦਾ ਸੂਬੇਦਾਰ ਆ ਗਿਆ ਵੈਰੀ ਘੇਰੇ।
ਛਾ ਗਿਆ ਬੱਦਲਾਂ ਘੁੰਡ। ਚੰਦ ਦੇ ਚਾਰ ਚੁਫੇਰੇ।
ਕੱਲਾ ਕਰਦਾ ਹੈ ਵਾਰ ਅਨੇਕਾਂ ਵਾਰਾਂ ਅੱਗੇ।
ਪਰ ਕਦ ਤਕ ਇਕ ਤਲਵਾਰ ਹਜ਼ਾਰਾਂ ਅੱਗੇ ਤੱਗੇ।
ਹੋ ਗਿਆ ਬੀਰ ਕੁਰਬਾਨ ਦੇਸ਼ ਦੀ ਰਖਯਾ ਕਰਦਾ।
ਗੁਰੂ ਗੋਬਿੰਦ ਸਿੰਘ ਦਾ ਲਾਲ ਤੁਰ ਗਿਆ ਲੜਦਾ ਲੜਦਾ।
ਸ੍ਰੀ ਕਲਗੀਧਰ ਜੀ ਪਾਸ ਖਬਰ ਜਦ ਪਹੁੰਚੀ ਆ ਕੇ।
ਤਦ ਕੀਤਾ ਸ਼ੁਕਰ ਅਕਾਲ, ਉਨ੍ਹਾਂ ਨੇ ਹਥ ਉਠਾ ਕੇ।
ਹੋ ਗਿਆ ਲਾਲ ਕੁਰਬਾਨ ਦੇਸ਼ ਦੀ ਟਹਿਲ ਕਮਾਈ।
ਅਰ ਪਾਲ ਛੱਤਰੀ ਧਰਮ ਪਿੱਠ ਨਹਿਂ ਪਰਤ ਵਿਖਾਈ।
ਉਹ ਵਿਚ ਗਗਨ ਦੇ ਜਾਇ ਬੜਾ ਪਰਕਾਸ਼ ਕਰੇਗਾ।
ਅਰ ਦੇਸ਼ ਸੀਸ ਪਰ ਪਿਆ, ਪਾਪ ਅੰਧੇਰ ਹਰੇਗਾ।
ਕਰ ਗਿਆ ਸੁਰਖਰੂ ਜਿੰਦ, ਸੀਸ ਸੇਵਾ ਪਰ ਲਾ ਕੇ।
ਅਰ ਪਿਤਾ ਪ੍ਰਭੂ ਦੇ ਭਾਣੇ ਅੰਦਰ ਪ੍ਰਾਣ ਘੁਮਾ ਕੇ।
ਛੋਟੇ ਸਾਹਿਬਜ਼ਾਦੇ ਦੀ ਪਿਤਾ ਅੱਗੇ ਅਰਦਾਸ ਤੇ ਯੁੱਧ ਦੀ ਪ੍ਰਵਾਨਗੀ ਲਈ ਅਰਜ਼ੋਈ
ਦੋਹਿਰਾ॥
ਛੋਟੇ ਲਾਲ ਜੁਝਾਰ ਸਿੰਘ, ਲਾਡ ਪਲੇ ਸੁਕੁਮਾਰ।
ਬਲੀਦਾਨ ਹਿਤ ਗੁਰੂ ਜੀ ਹੱਥੀਂ ਕਰਨ ਤਿਆਰ।
ਸ੍ਰੀ ਗੁਰੂ ਹੁਣ ਸਾਹਿਬ ਜੁਝਾਰ ਸਿੰਘ ਵਲ ਦੇਖਣ ਲੱਗੇ।
ਇਤਨੇ ਨੂੰ ਹੱਥ ਜੋੜ ਖੜੋਤੇ ਉਹ ਆ ਅੱਗੇ।