ਕੀਤੀ ਨਿਉਂ ਅਰਦਾਸ ਪਿਤਾ ਪਹਿ ਪ੍ਰੇਮੀ ਹਿਰਦੇ।
"ਹੇ ਨਾਥ ! ਸ਼ਤਰੂ ਹੁਣ ਆ ਪਹੁੰਚੇ ਹਨ ਉੱਪਰ ਸਿਰ ਦੇ।
ਤੁਰ ਗਏ ਅਜੀਤ ਸਿੰਘ ਬੀਰ ਇਨ੍ਹਾਂ ਦੇ ਸੀਸ ਕੱਟ ਕੇ।
ਅਰ ਹੋ ਗਏ ਸਿੰਘ ਸ਼ਹੀਦ ਬੀਰਤਾ ਨਾਮ ਖੱਟ ਕੇ।
ਹੁਣ ਬਾਕੀ ਹਨ ਦਸ ਸਿੰਘ ਅਸਾਡੇ ਨਾਲ ਰਹਿ ਗਏ।
ਬਾਕੀ ਦਲਾਂ ਦੇ ਘਮਸਾਨ ਵਿਚ ਹਨ ਘਾਣ ਲਹਿ ਗਏ।
ਜੇ ਹੁਕਮ ਦਿਓ ਤਦ ਮੈਂ ਭੀ ਕਰਨ ਲੜਾਈ ਜਾਵਾਂ।
ਅਰ ਮਾਰ ਮਾਰ ਕੇ ਵੈਰੀ ਦਲ ਨੂੰ ਪਰੇ ਹਟਾਵਾਂ।
ਮੈਂ ਬਾਲਕ ਹਾਂ ਪਰ ਜੁੱਧ ਵਿਚ ਨਹਿਂ ਮੂਲ ਡਰਾਂਗਾ।
ਇਹ ਬਰਛੀ ਵਾਹ ਕੇ ਕਈਆਂ ਦਾ ਸੰਘਾਰ ਕਰਾਂਗਾ।
ਅਰ ਰਣ ਵਿਚ ਬਹੁਤੇ ਮਾਰ ਜੇ ਕਦੀ ਆਪ ਮਰ ਗਿਆ।
ਤਦ ਸਮਝ ਲਿਓ ਇਕ ਪੁਤ੍ਰ ਜਿੰਦ ਕੁਰਬਾਨ ਕਰ ਗਿਆ।
ਆਏ ਹਾਂ ਓੜਕ ਅਸੀਂ ਜਗਤ 'ਤੇ ਟਹਿਲ ਵਾਸਤੇ।
ਫਿਰ ਮਰਨੇ ਦਾ ਅਫਸੋਸ ਕਰੋਗੇ ਆਪ ਕਾਸ ਤੇ?
ਆਗਯਾ ਬਖਸ਼ੋ ਕਿਰਪਾਲ ਹੋਇ ਕੇ ਜੁਧ ਕਰਨ ਦੀ।
ਸਦਕੇ ਕਰਕੇ ਇਹ ਜਿੰਦ ਦੇਸ਼ ਦਾ ਕਸ਼ਟ ਹਰਨ ਦੀ"।
ਬਾਰ ਬਰਸਾਂ ਦੇ ਲਾਲ ਬੀਰ ਦੀ ਸ਼ੁਭ ਅਰਜੋਈ।
ਸੁਣ ਬੀਰ ਪਿਤਾ ਨੂੰ ਅਤਿ ਪ੍ਰਸੰਨਤਾ ਮਨ ਵਿਚ ਹੋਈ।
ਪਿਤਾ ਨੇ ਕੁਰਬਾਨੀ ਦੀ ਬਹੂ ਪ੍ਰਨਾਉਣ ਲਈ ਪੁੱਤਰ ਨੂੰ ਮੌਤ ਦਾ ਗਾਨਾ ਬੰਨ੍ਹਾ ਕੇ ਜਾਂਞੀਆਂ ਦੀ ਥਾਂ ਸੂਰੇ ਤੇ ਸਾਮਾਨ ਦੀ ਥਾਂ ਤੀਰ ਕਟਾਰ ਸਜਾ ਕੇ ਤਿਆਰ ਕੀਤਾ
ਬੋਲੇ ; "ਹਾਂ ਲਾਲ ! ਜ਼ਰੂਰ ਜੁੱਧ ਵਿਚ ਜਲਦੀ ਜਾਓ।
ਘਮਸਾਨ ਵੈਰੀਆਂ ਨਾਲ ਜਾਇ ਕੇ ਖੂਬ ਮਚਾਓ"।
ਇਹ ਕਹਿ ਕੇ ਕੀਤਾ ਤਯਾਰ ਆਪਣੇ ਪਾਸ ਬਿਠਾ ਕੇ।
ਲਾੜੇ ਦਾ ਰੂਪ ਬਣਾਇ ਪਹਿਨਾਏ ਨਵੇਂ ਪੁਸ਼ਾਕੇ।
ਛੋਟੀ ਜੇਹੀ ਤਲਵਾਰ ਹੱਥ ਦੇ ਵਿਚ ਫੜਾਈ।
ਅਰ ਬੜੇ ਪਯਾਰ ਦੇ ਨਾਲ ਕਿਹਾ ਲੌ ਕਰੋ ਚੜ੍ਹਾਈ।
ਹਾਂ ! ਐਸ ਸਮੇਂ ਕੋਈ ਪਿਤਾ ਹੌਸਲਾ ਕਰ ਸਕਦਾ ਹੈ।
ਕੋਈ ਬੀਰ ਹੁੰਦਾ ਇਸ ਤਰ੍ਹਾਂ ਦੁਖ ਨੂੰ ਜਰ ਸਕਦਾ ਹੈ?
ਇਹ ਦਿੱਸਦਾ ਸੀ ਪਰਤੱਖ ਵਰਤ ਜਾਵੇਗਾ ਭਾਣਾ।
ਇਸ ਬੱਚੇ ਰਣ ਵਿਚ ਜਾਇ ਪਰਤ ਕੇ ਮੁੜ ਨਹਿ ਆਣਾ।