ਵੈਰੀ ਦਲ ਤੋਬਾ ਤੋਬਾ ਪੁਕਾਰੇ ਦੇਖ ਲੜਾਈ।
ਇਕ ਮਧਰੀ ਜਿਹੀ ਕਟਾਰ ਕਿਸਤਰ੍ਹਾਂ ਕਰੇ ਸਫਾਈ।
ਕਰ ਲਿਆ ਮੈਦਾਨ ਸਫਾਇ ਬਾਲ ਨੇ ਜਵ੍ਹਾ ਜਮਾ ਕੇ।
ਹੁਣ ਵੈਰੀ ਅੜੇ ਨ ਕੋਇ ਬੀਰ ਦੇ ਸਾਹਵੇਂ ਆ ਕੇ।
ਓੜਕ ਸੀਗਾ ਇਕ ਬਾਲ, ਜੁੱਧ ਨੇ ਬਾਂਹ ਥਕਾਈ।
ਸਭ ਤਨ ਦਾ ਮੁੜ੍ਹਕਾ ਚੋਇ ਪਯਾਸ ਨੇ ਜੀਭ ਸੁਕਾਈ।
ਹੁਣ ਪਿਛੇ ਮੋੜੀ ਵਾਗ ਵਾਹਿਗੁਰੂ ਫਤ੍ਹੇ ਗਜਾ ਕੇ।
ਪੀ ਆਈਏ ਪਾਣੀ, ਫੇਰ ਲੜਾਂਗੇ ਕੁਝ ਸੁਸਤਾ ਕੇ।
ਦੋਹਿਰਾ॥
ਕਲਗੀਧਰ ਜੀ ਦੇਖ ਕੇ ਦਿਤਾ ਪਿਛੇ ਮੋੜ।
ਪਾਣੀ ਖਾਤਰ ਛੱਤ੍ਰੀ ਮੁੜੇ ਨ ਰਣ ਨੂੰ ਛੋੜ।
ਹੇ ਪੁੱਤਰ! ਛੱਤ੍ਰੀ ਧਰਮ ਨੂੰ ਪੂਰਾ ਨਿਬਾਹੋ
ਏਹੋ ਅਕਾਲ ਪੁਰਖ ਦਾ ਸੰਕੇਤ ਹੈ
ਜਦ ਆ ਕੇ ਬਾਂਕੇ ਬੀਰ ਮੰਗਿਆ ਗੁਰ ਤੋਂ ਪਾਣੀ।
ਤਦ ਦੇਸ਼ ਹਿਤੈਸ਼ੀ ਪਿਤਾ ਹੱਸ ਕੇ ਉਚਰੀ ਬਾਣੀ।
ਇਤਨੇ ਤੁਰਕਾਂ ਦਾ ਖੂਨ ਤੇਗ ਨੂੰ ਆਪ ਪਿਲਾਯਾ।
ਅਰ ਆਪਣੇ ਪਾਣੀ ਹੇਤ, ਪੁਤ੍ਰ ! ਤੂੰ ਐਥੇ ਆਯਾ।
ਇਹ ਛੱਤ੍ਰੀ ਦਾ ਕਰਤਵ੍ਯ ਨਹੀਂ ਮੁੜ ਪਿੱਛੇ ਆਣਾ।
ਇਕ ਤੁੱਛ ਪਯਾਸ ਦੇ ਦੁੱਖ ਵਾਸਤੇ ਸਮਾਂ ਗੁਆਣਾ।
ਤੇਰੇ ਇਤਨੇ ਸੁਸਤਾਉ ਵਿਖੇ ਵੈਰੀ ਦਲ ਭਾਰਾ।
ਤਾਜ਼ਾ ਹੋ ਜਾਸੀ ਫੇਰ ਚਲੇਗਾ ਕੁਝ ਨਾ ਚਾਰਾ।
ਤਾਂ ਤੇ ਮੁੜ ਪਿਛੇ ਜਾਹੁ, ਜੁੱਧ ਵਿਚ ਪਯਾਸ ਬੁਝਾਣੀ।
ਹੁਣ ਮਿਲਸੀ ਜਾ ਪਰਲੋਕ ਤੁਹਾਨੂੰ ਠੰਡਾ ਪਾਣੀ।
ਇਹ ਸੁਣ ਕੇ ਲਾਲ ਮਸੂਮ ਉਛਲਿਆ ਦੂਣ ਸਵਾਯਾ।
ਅਰ ਛੱਤ੍ਰੀ ਧਰਮ ਨਿਭਾਣ ਪਿਆਸਾ ਫਿਰ ਮੁੜ ਆਯਾ।
ਆ ਰਣ ਵਿਚ ਫੇਰੀ ਤੇਗ਼ ਅਨੇਕਾਂ ਤੁਰਕ ਮੁਕਾਏ।
ਕਰਦੇ ਕਰਦੇ ਸੰਘਾਰ ਅੰਤ ਪਰਲੋਕ ਸਿਧਾਏ।
ਇਕ ਨਿੱਕੀ ਜੇਹੀ ਜਿੰਦ ਘੁਮਾ ਕੇ ਦੇਸ਼ ਬਚਾਇਆ।
ਅਕਾਸ਼ਾਂ ਉੱਪਰ ਜਾਇ ਪਿਤਾ ਦਰਸ਼ਨ ਪਾਇਆ।
ਆਪਣਾ ਤਨ ਦਿੱਤਾ ਵਾਰ ਧਰਮ ਦੀ ਆਣ ਬਚਾਈ।
ਮੁਕਤੀ ਦੇ ਅੰਮ੍ਰਿਤ ਕੁੰਡ ਤੀਰ ਜਾ ਤ੍ਰਿਪਤੀ ਪਾਈ।