ਦੋਹਿਰਾ॥
ਪੁਸ਼ਪ ਰਵੇਲਾਂ ਖਿੜ ਕੇ ਤਾਂ ਦੋ ਦਿਨ ਅਨੰਦ ਵਿਖਾ ਗਈਆਂ।
ਸ਼ੋਕ ਉਨ੍ਹਾਂ ਕਲੀਆਂ ਪਰ ਹੈ ਜੋ ਬਿਨ ਖਿੜਿਆਂ ਮੁਰਝਾ ਗਈਆਂ।
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਜੀ ਦੀ ਸ਼ਹੀਦੀ
ਆ ਧਰਮ ਬਗੀਚੀ ! ਸੰਤ ਜਨਾਂ ਦੀ ਮਾਤਾ ਪਯਾਰੀ।
ਭਗਤਾਂ ਦੇ ਲੋਹੂ ਨਾਲ ਸਿੰਜਾਈ ਹੋਈ ਕਯਾਰੀ।
ਆਦੇਵਤਿਆਂ ਨੂੰ ਗੋਦੀ ਵਿਚ ਖਿਡਾਵਣ ਵਾਲੀ।
ਹਾਂ! ਵਖਤ ਪਏ ਪਰ ਪਯਾਰੇ ਪੁਤ੍ਰ ਕੁਹਾਵਣ ਵਾਲੀ।
ਉਹ ਤੇਰਾ ਦੁੱਖ ਦਾ ਸਮਾਂ ਯਾਦ ਜਦ ਆ ਪੈਂਦਾ ਹੈ।
ਤਦ ਪਾਣੀ ਪਾਣੀ ਹੋਇ ਹ੍ਰਿਦਾ ਬਿਲਲਾ ਪੈਂਦਾ ਹੈ।
ਓਹ ਅੱਤਯਾਚਾਰ ਮਹਾਨ ਤੇਰੇ ਪਰ ਆ ਚੁੱਕੇ ਹਨ।
ਜੋ ਤੇਰੇ ਲੱਖਾਂ ਪੁਤ੍ਰ ਡੈਣ ਵਤ ਖਾ ਚੁੱਕੇ ਹਨ।
ਅੱਜ ਅਮਨ ਚੈਨ ਦੇ ਰਾਜ ਵਿਖੇ ਦੁੱਖ ਭੁੱਲ ਗਏ ਹਨ।
ਕਿਸਮਤ ਦੇ ਪਾਏ ਕਸ਼ਟ ਝੋਲੀਓਂ ਡੁੱਲ੍ਹ ਗਏ ਹਨ।
ਪਰ ਲਹੂ ਭਰੇ ਇਤਿਹਾਸ ਉਨ੍ਹਾਂ ਨੂੰ ਯਾਦ ਕਰਾਂਦੇ।
ਅਰ ਦੁਸ਼ਮਨ ਦੇ ਭੀ ਨੇਤ੍ਰੋਂ ਹੰਝੂ ਕਿਰ ਕਿਰ ਜਾਂਦੇ।
ਜਦ ਬੈਠਾ ਸੀ ਔਰੰਗਜ਼ੇਬ ਚੜ੍ਹ ਤੇਰੀ ਛਾਤੀ।
ਅਰ ਗਰਦਨ ਪਰ ਸੀ ਫੇਰ ਰਿਹਾ ਜ਼ੁਲਮਾਂ ਦੀ ਕਾਤੀ।
ਅੱਖਾਂ ਤੇਰੀਆਂ ਦੇ ਲਾਲ ਗਾਜਰਾਂ ਵਾਂਗ ਕਟੀਂਦੇ।
ਤੇਰੇ ਹਿਤ ਸਨ ਫਰਮਾਨ ਕਟਾਰੀ ਨਾਲ ਲਿਖੀਂਦੇ।
ਲੁਟ ਗਿਆ ਤੇਰਾ ਧਨ ਧਾਮ ਧਰਮ ਭੀ ਖੁਸਦਾ ਜਾਏ।
ਅੱਜ ਓਹ ਦਿਨ ਕਰਕੇ ਯਾਦ ਕਲੇਜਾ ਮੂੰਹ ਨੂੰ ਆਏ।
ਕੁਝ ਤੇਰੇ ਧਰਮੀ ਪੁੱਤਰ ਪਕੜ ਵਿਚ ਦੀਨ ਰਲਾਏ।
ਕੁਝ ਬੀਰ ਨਾਲ ਤਲਵਾਰ ਧਰਮ ਦੀ ਬਲੀ ਚੜ੍ਹਾਏ।
ਹਾਂ ! ਦੇਵ ਭੂਮਿ ਉਸ ਸਮੇਂ ਕੌਣ ਸੀ ਤੇਰਾ ਵਾਲੀ।
ਜਦ ਛਾਇ ਰਹੀ ਸੀ ਘਟਾ ਕਸ਼ਟ ਦੀ ਸਿਰ ਪਰ ਕਾਲੀ।